ਜ਼ਿਲ੍ਹਾ ਲੁਧਿਆਣਾ ਦੇ ਪ੍ਰਸ਼ਾਸਨ ਦੀ ਲਾਪਰਵਾਹੀ ਮੰਗਲਵਾਰ ਨੂੰ ਲੋਕਾਂ ’ਤੇ ਭਾਰੀ ਪਈ। ਦਰਅਸਲ, ਸੋਮਵਾਰ ਨੂੰ ਕਰਫਿਊ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੇ ਹੁਕਮ ਜਾਰੀ ਕਰ ਦਿੱਤੇ ਸਨ ਕਿ ਜ਼ਿਲ੍ਹਾ ਭਰ ’ਚ ਮੰਗਲਵਾਰ ਨੂੰ ਸਵੇਰੇ 6 ਤੋਂ 9 ਵਜੇ ਤੱਕ ਕਰਫਿਊ ਵਿਚ ਖੁੱਲ੍ਹ ਦਿੱਤੀ ਜਾਵੇਗੀ ਤੇ ਲੋਕ ਘਰਾਂ ਤੋਂ ਬਾਹਰ ਆ ਕੇ ਆਪਣਾ ਜ਼ਰੂਰੀ ਸਾਮਾਨ ਖ਼ਰੀਦ ਸਕਦੇ ਹਨ। ਰਾਤ 8 ਵਜੇ ਪਹਿਲਾਂ ਇਹ ਹੁਕਮ ਜਾਰੀ ਕੀਤੇ ਗਏ, ਜਿਸ ਤੋਂ ਬਾਅਦ ਇਹ ਮੈਸੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ, ਉਸ ਤੋਂ ਬਾਅਦ ਰਾਤ ਪੌਣੇ ਦਸ ਵਜੇ ਦੁਬਾਰਾ ਹੁਕਮ ਜਾਰੀ ਕਰ ਦਿੱਤੇ ਗਏ ਕਿ ਚੰਡੀਗੜ੍ਹ ਵਿਚ ਕਰਫਿਊ ਲੱਗਣ ਕਾਰਨ ਹੁਣ ਇਹ ਇਹ ਖੁੱਲ੍ਹ ਬੁੱਧਵਾਰ ਤੋਂ ਲਾਗੂ ਹੋਵੇਗੀ।
ਲੋਕ ਪਹਿਲੇ ਹੁਕਮਾਂ ਨੂੰ ਦੇਖਦੇ ਹੋਏ ਹੀ ਮੰਗਲਵਾਰ ਦੀ ਸਵੇਰੇ 6 ਵਜੇ ਵੱਡੀ ਗਿਣਤੀ ਵਿਚ ਸਾਮਾਨ ਖ਼ਰੀਦਣ ਲਈ ਨਿਕਲ ਪਏ। ਹੈਬੋਵਾਲ, ਤਾਜਪੁਰ ਰੋਡ, ਟਿੱਬਾ ਰੋਡ, ਸ਼ੇਰਪੁਰ, ਬਸਤੀ ਜੋਧੇਵਾਲ, ਸਲੇਮ ਟਾਬਰੀ, ਮਾਡਲ ਗ੍ਰਾਮ, ਸ਼ਹੀਦ ਭਗਤ ਸਿੰਘ ਨਗਰ, ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ’ਚ ਸਭ ਤੋਂ ਜ਼ਿਆਦਾ ਲੋਕ ਆਪਣੇ ਵਾਹਨਾਂ ’ਤੇ ਜਾਂਦੇ ਦੇਖੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਇਲਾਕਿਆਂ ’ਚ ਵੀ ਇਹੀ ਹਾਲ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਤੋਂ ਬਾਅਦ ਹੀ ਬਾਹਰ ਆਏ ਹਨ। ਇੱਥੇ ਕੁਝ ਦੁਕਾਨਾਂ ਵੀ ਖੁੱਲ੍ਹ ਗਈਆਂ ਸਨ। ਲੋਕਾਂ ਨੂੰ ਬਾਹਰ ਨਿਕਲੇ ਦੇਖ ਪੁਲੀਸ ਵੀ ਹੈਰਾਨ ਰਹਿ ਗਈ। ਸਵੇਰੇ 11 ਵਜੇ ਤੱਕ ਲੋਕ ਬਾਹਰ ਨਿਕਲਦੇ ਦੇਖੇ ਗਏ। ਇਸ ਤੋਂ ਬਾਅਦ ਪੁਲੀਸ ਨੇ ਸਖ਼ਤੀ ਕਰ ਕੇ ਲੋਕਾਂ ਨੂੰ ਦੁਬਾਰਾ ਘਰਾਂ ’ਚ ਭੇਜਿਆ।
INDIA ਕਰਫਿਊ: ਪ੍ਰਸ਼ਾਸਨ ਦੀ ਲਾਪ੍ਰਵਾਹੀ ਨੇ ਲੁਧਿਆਣਾ ਵਾਸੀ ਖੱਜਲ ਕੀਤੇ