ਮਾਨਸਾ- ਸ਼ਾਹੀਨ ਬਾਗ਼ ਦੀ ਤਰਜ਼ ’ਤੇ ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿਚ 41 ਦਿਨਾਂ ਤੋਂ ਸੰਵਿਧਾਨ ਬਚਾਓ ਮੰਚ ਪੰਜਾਬ ਵੱਲੋਂ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਚੱਲ ਰਿਹਾ ਧਰਨਾ ਪੰਜਾਬ ਵਿਚ ਕਰਫਿਊ ਲੱਗਣ ਦੇ ਬਾਵਜੂਦ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਫ਼ੈਸਲਾ ਮੋਰਚੇ ਦੇ ਕੁਝ ਚੋਣਵੇਂ ਆਗੂਆਂ ਦੀ ਮੀਟਿੰਗ ਵਿਚ ਲਿਆ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਭਾਵੇਂ ਕਰੋਨਾਵਾਇਰਸ ਕਾਰਨ ਇਸ ਧਰਨੇ ’ਤੇ ਰੋਜ਼ਾਨਾ ਦਿਨ-ਰਾਤ ਲਈ 5 ਜਣੇ ਬੈਠਦੇ ਹਨ ਪਰ ਹੁਣ ਕਰਫਿਊ ਲੱਗਣ ਕਾਰਨ ਜਿਹੜੇ ਧਰਨਾਕਾਰੀ ਅੱਜ ਬੈਠੇ ਸਨ, ਉਨ੍ਹਾਂ ਵੱਲੋਂ ਹੀ ਧਰਨਾ ਸਥਾਨ ਦਾ ਗੇਟ ਬੰਦ ਕਰ ਕੇ ਲਗਾਤਾਰ ਉੱਥੇ ਰਹਿਣ ਦਾ ਫ਼ੈਸਲਾ ਲਿਆ ਗਿਆ ਹੈ। ਕਰਫਿਊ ਦੀ ਢਿੱਲ ਤੱਕ ਉਹ ਇਸ ਧਰਨੇ ’ਤੇ ਲਗਾਤਾਰ ਡਟੇ ਰਹਿਣਗੇ। ਇਸ ਤੋਂ ਪਹਿਲਾਂ ਅੱਜ ਸੀਪੀਆਈ (ਐੱਮ.ਐੱਲ) ਲਿਬਰੇਸ਼ਨ ਦੇ ਆਗੂ ਰਾਜਵਿੰਦਰ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਪੀਆਈ ਦੇ ਕ੍ਰਿਸ਼ਨ ਚੌਹਾਨ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ, ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸਰਾਜ ਮੋਫ਼ਰ, ਇਨਕਲਾਬੀ ਨੌਜਵਾਨ ਸਭਾ ਦੇ ਰਾਜਿੰਦਰ ਚੌਹਾਨ, ਡਾ. ਧੰਨਾ ਮੱਲ ਗੋਇਲ, ਕਰਨੈਲ ਸਿੰਘ ਆਦਿ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ’ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਕਾਮਰੇਡ ਰਾਜਵਿੰਦਰ ਰਾਣਾ ਨੇ ਐਲਾਨ ਕੀਤਾ ਕਿ ਸੀਏਏ, ਐੱਨਆਰਸੀ ਦੀ ਵਾਪਸੀ ਤੱਕ ਇਹ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਇਸ ਮੁਸੀਬਤ ਦੀ ਘੜੀ ਵਿਚ ਸਰਕਾਰ ਵੱਲੋਂ ਲੋਕਾਂ ਲਈ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ।
INDIA ਕਰਫਿਊ ਦੇ ਬਾਵਜੂਦ ਮਾਨਸਾ ’ਚ ਧਰਨਾ ਜਾਰੀ ਰੱਖਣ ਦਾ ਫ਼ੈਸਲਾ