ਚੰਡੀਗੜ੍ਹ- ਕਰਫਿਊ ਦੀ ਬਿਪਤਾ ਨੇ ਪੰਜਾਬ ’ਚ ਕਰੋਨਾ ਦਾ ਖ਼ੌਫ ਭਾਵੇਂ ਘਟਾ ਦਿੱਤਾ ਹੈ ਪਰ ਖੁਰਾਕੀ ਵਸਤਾਂ ਦੀ ਥੁੜ੍ਹ ਨੇ ਲੋਕਾਂ ਦੇ ਡਰ ਵਧਾ ਦਿੱਤੇ ਹਨ। ਸਰਕਾਰੀ ਮੋਰਚੇ ’ਤੇ ਵੰਡ ਵੰਡਾਰੇ ਦੀ ਪ੍ਰਚਾਰ ਮੁਹਿੰਮ ਸਿਖਰ ’ਤੇ ਚੱਲ ਰਹੀ ਹੈ। ਵੱਡੇ ਤੇ ਛੋਟੇ ਸ਼ਹਿਰਾਂ ਵਿਚ ਦੁਕਾਨਦਾਰਾਂ ਕੋਲ ਖੁਰਾਕੀ ਵਸਤਾਂ ਦੇ ਭੰਡਾਰ ਮੁੱਕਣ ਲੱਗੇ ਹਨ। ਆਉਂਦੇ ਦਿਨਾਂ ਵਿਚ ਕਾਲਾਬਾਜ਼ਾਰੀ ਅਤੇ ਵਧੇ ਭਾਅ ਲੋਕਾਂ ਨੂੰ ਪ੍ਰੇਸ਼ਾਨ ਕਰਨਗੇ। ਵਿਧਾਇਕ ਤੇ ਮੰਤਰੀ ਭਾਵੇਂ ਅੱਜ ਰਾਸ਼ਨ ਵੰਡ ਦੇ ਮੋਰਚੇ ’ਤੇ ਉੱਤਰ ਆਏ ਹਨ ਪਰ ਇਹ ਉਪਰਾਲੇ ਆਟੇ ਵਿਚ ਲੂਣ ਬਰਾਬਰ ਹਨ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ’ਚ ਪ੍ਰਚੂਨ ਦੁਕਾਨਾਂ ਤੋਂ ਰਾਸ਼ਨ ਖਤਮ ਹੋ ਚੁੱਕਾ ਹੈ।
ਭਾਰਤ-ਪਾਕਿ ਸੀਮਾ ’ਤੇ ਪੈਂਦੇ ਦਰਜਨਾਂ ਫਾਜ਼ਿਲਕਾ-ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿਚ ਹੁਣ ਪ੍ਰਚੂਨ ਦੀਆਂ ਦੁਕਾਨਾਂ ਬੰਦ ਹਨ। ਪਿੰਡ ਗੱਟੀ ਨੰਬਰ ਇੱਕ ਦੇ ਮੋਹਤਬਰ ਕਾਲਾ ਸਿੰਘ ਨੇ ਦੱਸਿਆ ਕਿ ਲੰਘੇ ਤਿੰਨ ਦਿਨਾਂ ਵਿਚ ਦੁਕਾਨਾਂ ਤੋਂ ਸਾਰਾ ਸੌਦਾ ਖਤਮ ਹੋ ਗਿਆ ਹੈ ਅਤੇ ਪ੍ਰਸ਼ਾਸਨ ਨੇ ਹਾਲੇ ਤੱਕ ਸਰਹੱਦੀ ਪਿੰਡਾਂ ਦੀ ਬਾਂਹ ਨਹੀਂ ਫੜੀ ਹੈ। ਤਰਨ ਤਾਰਨ ਅਤੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਵੀ ਸਰਕਾਰ ਦਾ ਰਾਹ ਤੱਕ ਰਹੇ ਹਨ। ਹਾਲਾਂਕਿ ਇਹ ਪਿੰਡ ਕਰੋਨਾ ਦੀ ਮਾਰ ਤੋਂ ਦੂਰ ਹਨ ਪਰ ਕਰਫਿਊ ਦਾ ਸੇਕ ਝੱਲ ਰਹੇ ਹਨ। ਫਿਰੋਜ਼ਪੁਰ ਦੇ ਪਿੰਡ ਪੋਜੇ ਤੇ ਉਤਾੜ ਦੇ ਸਰਪੰਚ ਵਿਕਰਮ ਸਿੰਘ ਨੇ ਦੱਸਿਆ ਕਿ ਪੇਂਡੂ ਕਰਿਆਨਾ ਸਟੋਰ ਖਾਲੀ ਹੋ ਗਏ ਹਨ ਅਤੇ ਪਸ਼ੂ ਪਾਲਕ ਪਰਿਵਾਰਾਂ ਦੀ ਆਮਦਨ ਵੀ ਰੁਕ ਗਈ ਹੈ।
ਸੰਗਰੂਰ ਦੇ ਅਜੀਤ ਨਗਰ ਦੀ ਸਤਿੰਦਰ ਕੌਰ ਨੇ ਦੱਸਿਆ ਕਿ ਰਾਸ਼ਨ ਸਪਲਾਈ ਲਈ ਜਿਹੜੇ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਕੋਈ ਚੁੱਕਦਾ ਹੀ ਨਹੀਂ ਹੈ। ਬਠਿੰਡਾ ਦੇ ਐਡਵੋਕੇਟ ਜਸਜੀਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਿੱਤੇ ਨੰਬਰ ’ਤੇ ਫੋਨ ਕੀਤਾ ਤਾਂ ਉਨ੍ਹਾਂ ਰਾਸ਼ਨ ਦਾ ਆਨਲਾਈਨ ਆਰਡਰ ਦੇਣ ਲਈ ਆਖ ਦਿੱਤਾ ਅਤੇ ਸਪਲਾਈ ਤਿੰਨ ਦਿਨਾਂ ਮਗਰੋਂ ਦੇਣ ਦੀ ਗੱਲ ਆਖੀ ਗਈ।
ਹੁਣ ਪੰਜਾਬ ਦੇ ਪਸ਼ੂ ਪਾਲਕਾਂ ਦੀ ਤੰਗੀ ਵੀ ਇਕਦਮ ਵਧੀ ਹੈ ਜਿਸ ਬਾਰੇ ਫੌਰੀ ਸਰਕਾਰੀ ਗੌਰ ਦੀ ਲੋੜ ਹੈ। ਪੰਜਾਬ ਵਿਚ ਕਰਫਿਊ ਤੋਂ ਪਹਿਲੋਂ ਰੋਜ਼ਾਨਾ 70 ਲੱਖ ਲਿਟਰ ਦੁੱਧ ਦੀ ਕੁਲੈਕਸ਼ਨ ਹੁੰਦੀ ਸੀ ਜੋ ਹੁਣ ਸਿਰਫ਼ 40 ਲੱਖ ਲਿਟਰ ਰਹਿ ਗਈ ਹੈ। ਇਸ ਵੇਲੇ ਰੋਜ਼ਾਨਾ ਕਰੀਬ 30 ਲੱਖ ਲਿਟਰ ਦੁੱਧ ਅਜਾਈਂ ਜਾ ਰਿਹਾ ਹੈ। ਇਸ ਨਾਲ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਰੋਜ਼ਾਨਾ 15 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ। ਉਪਰੋਂ ਪਸ਼ੂ ਪਾਲਕਾਂ ਦੇ ਲਾਗਤ ਖਰਚੇ ਵਧ ਗਏ ਹਨ। ਤਿੰਨ ਚਾਰ ਦਿਨਾਂ ਵਿਚ ਹੀ ਤੂੜੀ ਦੇ ਭਾਅ ਵਿਚ 200 ਰੁਪਏ ਕੁਇੰਟਲ ਦਾ ਵਾਧਾ ਹੋ ਗਿਆ ਹੈ ਜਦੋਂ ਕਿ ਜਵੀਂ ਦਾ ਭਾਅ ਇੱਕ ਸੌ ਰੁਪਏ ਵੱਧ ਗਿਆ ਹੈ।
INDIA ਕਰਫਿਊ ਦੀ ਬਿਪਤਾ: ਪੰਜਾਬ ਦੇ ਲੋਕਾਂ ਨੂੰ ਹੁਣ ਥੁੜ੍ਹਾਂ ਦਾ ਨਾਗਵਲ