ਕਰੋਨਾਵਾਇਰਸ ਨੂੰ ਲੈ ਕੇ ਪਹਿਲਾਂ ਲੌਕਡਾਊਨ ਕੀਤੇ ਜਾਣ ਤੇ ਬਾਅਦ ਵਿਚ ਸਖਤੀ ਨਾਲ ਲੱਗੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 36 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ 50 ਤੋਂ ਵੱਧ ਬੰਦੇ ਸ਼ਾਮ ਤੱਕ ਗ੍ਰਿਫ਼ਤਾਰ ਕੀਤੇ ਗਏ। ਪੁਲੀਸ ਨੇ ਜਿਨ੍ਹਾਂ ਨੂੰ ਕਰਫਿਊ ਦੀ ਉਲੰਘਣਾ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਵਿਚ ਬਹੁਤੇ ਦੁਕਾਨਦਾਰ, ਮੈਰਿਜ ਪੈਲੇਸਾਂ ਦੇ ਪ੍ਰਬੰਧਕ, ਆਟੋ ਰਿਕਸ਼ਾ ਵਾਲੇ ਤੇ ਹੋਰ ਲੋਕ ਸ਼ਾਮਲ ਹਨ। ਦਿਹਾਤੀ ਪੁਲੀਸ ਨੇ ਕਰਫਿਊ ਦੀ ਉਲੰਘਣਾ ਵਿਚ 23 ਐਫਆਈਆਰ ਦਰਜ ਕਰ ਕੇ 36 ਤੋਂ ਵੱਧ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਸਭ ਤੋਂ ਵੱਧ 14 ਗ੍ਰਿਫਤਾਰੀਆਂ ਬਿਲਗਾ ਥਾਣੇ ਵਿਚ ਹੋਈਆਂ ਹਨ।
ਇਸੇ ਤਰ੍ਹਾਂ ਗੁਰਾਇਆ, ਫਿਲੌਰ, ਨੂਰਮਹਿਲ, ਕਰਤਾਰਪੁਰ, ਲਾਂਬੜਾ ਤੇ ਆਦਮਪੁਰ ਥਾਣਿਆਂ ਵਿਚ ਕਰਫਿਊ ਦੀ ਉਲੰਘਣਾ ਦੇ ਕੇਸ ਦਰਜ ਕਰ ਕੇ ਗ੍ਰਿਫ਼ਤਾਰੀਆਂ ਪਾਈਆਂ ਗਈਆਂ ਹਨ। ਕਈ ਥਾਵਾਂ ’ਤੇ ਪੁਲੀਸ ਨੇ ਨੌਜਵਾਨਾਂ ਦੀਆਂ ਡੰਡ ਬੈਠਕਾਂ ਕਢਵਾਈਆਂ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 1500 ਤੋਂ ਵੱਧ ਪੁਲੀਸ ਜਵਾਨ ਤਾਇਨਾਤ ਕੀਤੇ ਗਏ ਸਨ ਤਾਂ ਜੋ ਕਰਫਿਊ ਦੀ ਉਲੰਘਣਾ ਨਾ ਹੋਵੇ ਤੇ ਲੋਕਾਂ ਨੂੰ ਘਰਾਂ ਵਿਚ ਰੱਖਿਆ ਜਾਵੇ। ਇਸ ਕੰਮ ਲਈ ਪੀਸੀਆਰ ਦੀਆਂ ਵੈਨਾਂ ਵੀ ਗਸ਼ਤ ਕਰਦੀਆਂ ਰਹੀਆਂ। ਸਭ ਤੋਂ ਪਹਿਲਾਂ ਪੁਲੀਸ ਜਵਾਨ ਲੋਕਾਂ ਨੂੰ ਸਮਝਾਉਂਦੇ ਸਨ ਪਰ ਜੇ ਕੋਈ ਅੜੀ ਕਰਦਾ ਸੀ ਤਾਂ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਕਮਿਸ਼ਨਰੇਟ ਪੁਲੀਸ ਨੇ ਵੀ ਕਰਫਿਊ ਦੀ ਉਲੰਘਣਾ ਵਿਚ 11 ਤੋਂ ਵੱਧ ਕੇਸ ਦਰਜ ਕੀਤੇ ਹਨ ਤੇ ਦੋ ਦਰਜਨ ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬਕਾਇਦਾ ਅੱਧੀ ਰਾਤ ਨੂੰ ਵੀਡੀਓ ਜਾਰੀ ਕਰ ਕੇ ਸ਼ਹਿਰ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਕਿਵੇਂ ਉਨ੍ਹਾਂ ਕੋਲ ਸਾਮਾਨ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਸ਼ਹਿਰ ਵਿਚ ਦੋਧੀਆਂ ਅਤੇ ਸਬਜ਼ੀਆਂ ਵਾਲਿਆਂ ਨੂੰ ਦਾਖ਼ਲ ਹੋਣ ਦਿੱਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਬਜ਼ੀ ਤੇ ਦੁੱਧ ਲੈਣ ਲਈ ਵੀ ਉਹ ਗਲੀਆਂ ਵਿਚ ਇਕੱਠੇ ਨਾ ਹੋਣ ਸਿਰਫ ਉਹ ਹੀ ਵਿਅਕਤੀ ਬਾਹਰ ਆਵੇ ਜਿਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਐਸਡੀਐਮ ਤੇ ਤਹਿਸੀਲਦਾਰਾਂ ਸਮੇਤ ਹੋਰ ਅਫਸਰਾਂ ਦੇ ਮੋਬਾਈਲ ਨੰਬਰ ਵੀ ਜਾਰੀ ਕੀਤੇ ਹਨ ਤਾਂ ਜੋ ਲੋਕ ਉਨ੍ਹਾਂ ਨਾਲ ਸਿੱਧੀ ਗੱਲ ਕਰ ਸਕਣ।
INDIA ਕਰਫਿਊ ਦੀ ਉਲੰਘਣਾ: 36 ਕੇਸ ਦਰਜ; 50 ਤੋਂ ਵੱਧ ਗ੍ਰਿਫ਼ਤਾਰ