ਜੰਡਿਆਲਾ ਗੁਰੂ (ਸਮਾਜਵੀਕਲੀ) – ਕਰੋਨਾਵਾਇਰਸ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਲੱਗੇ ਕਰਫਿਊ ਦੌਰਾਨ ਵੀ ਤਸਕਰ ਨਸ਼ੇ ਵੇਚਣ ਤੋਂ ਬਾਜ਼ ਨਹੀਂ ਆ ਰਹੇ ਹਨ। ਇਸ ਦੀ ਪ੍ਰਤੱਖ ਮਿਸਾਲ ਅੱਜ ਜੰਡਿਆਲਾ ਗੁਰੂ ਦੇ ਨਜ਼ਦੀਕੀ ਪਿੰਡ ਜਾਣੀਆਂ ਵਿੱਚ ਦੇਖਣ ਨੂੰ ਮਿਲੀ ਜਿੱਥੇ ਤਸਕਰਾਂ ਨੇ ਸਰਪੰਚ ਨੂੰ ਗੋਲੀ ਮਾਰ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਵੇਲੇ ਦੋ ਨੌਜਵਾਨ ਨਸ਼ੇ ਦੀ ਸਪਲਾਈ ਕਰਨ ਲਈ ਪਿੰਡ ਜਾਣੀਆਂ ਪੁੱਜੇ। ਪਿੰਡ ਦੇ ਸਰਪੰਚ ਸਿਕੰਦਰਬੀਰ ਸਿੰਘ ਤੇ ਉਨ੍ਹਾਂ ਦੇ ਸਾਥੀ ਮੇਜਰ ਸਿੰਘ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਰੋਕਿਆ ਤੇ ਪਿੰਡ ਵਿੱਚ ਆਉਣ ਦਾ ਕਾਰਨ ਪੁੱਛਿਆ। ਤਸਕਰਾਂ ਨੇ ਬਿਨਾਂ ਕੋਈ ਜਵਾਬ ਦਿੱਤਿਆਂ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸਰਪੰਚ ਸਿਕੰਦਰਬੀਰ ਸਿੰਘ ਤੇ ਉਨ੍ਹਾਂ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ।
ਗੋਲੀਆਂ ਦੀ ਆਵਾਜ਼ ਸੁਣਦੇ ਸਾਰ ਪਿੰਡ ਵਾਸੀ ਇਕੱਠੇ ਹੋ ਗਏ। ਇਸ ’ਤੇ ਨਸ਼ਾ ਤਸਕਰਾਂ ਨੇ ਪਿੰਡ ਵਾਸੀਆਂ ਉੱਪਰ ਵੀ ਗੋਲੀਆਂ ਚਲਾ ਦਿੱਤੀਆਂ ਪਰ ਪਿੰਡ ਵਾਲੇ ਵਾਲ-ਵਾਲ ਬਚ ਗਏ। ਪਿੰਡ ਵਾਸੀਆਂ ਨੇ ਪਿੱਛਾ ਕਰ ਕੇ ਤਸਕਰਾਂ ਨੂੰ ਖੇਤਾਂ ਵਿੱਚ ਕਾਬੂ ਕਰ ਲਿਆ ਜਿੱਥੇ ਉਨ੍ਹਾਂ ਦੀ ਚੰਗੀ ਭੁਗਤ ਸੰਵਾਰੀ ਗਈ। ਨਸ਼ਾ ਤਸਕਰਾਂ ਦੀ ਪਛਾਣ ਕਿਸ਼ਨ ਤੇ ਘੁੱਦਾ ਵਾਸੀਆਨ ਮੁਹੱਲਾ ਸ਼ੇਖੂਪੁਰਾ, ਜੰਡਿਆਲਾ ਗੁਰੂ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਨਸ਼ਾ ਤਸਕਰਾਂ ’ਤੇ ਨਸ਼ਾ ਤਸਕਰੀ ਦੇ ਕਈ ਕੇਸ ਪਹਿਲਾਂ ਵੀ ਦਰਜ ਹਨ। ਇਸ ਦੌਰਾਨ ਮੁਲਜ਼ਮਾਂ ਕੋਲੋਂ 30 ਬੋਰ ਦੀ ਪਿਸਤੌਲ ਤੇ ਘਟਨਾ ਵਿੱਚ ਵਰਤਿਆ ਗਿਆ ਪਲਸਰ ਮੋਟਰਸਾਈਕਲ ਨੰਬਰ ਪੀਬੀ08ਸੀਜੀ-6023 ਬਰਾਮਦ ਹੋਇਆ ਹੈ।
ਡੀਐੱਸਪੀ ਗੁਰਿੰਦਰਬੀਰ ਸਿੰਘ ਤੇ ਇੰਸਪੈਕਟਰ ਰਸ਼ਪਾਲ ਸਿੰਘ ਨੇ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਉਨ੍ਹਾਂ ਦੇ ਪਿੰਡ ਦੇ ਕਈ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਚੁੱਕੇ ਹਨ।