ਚੰਡੀਗੜ੍ਹ (ਸਮਾਜ ਵੀਕਲੀ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਰਨਾਲ ਵਿੱਚ 100 ਅਤੇ ਅਸੰਧ ਦੇ ਦੋ ਹਸਪਤਾਲਾਂ ਵਿੱਚ 30 ਆਕਸੀਜਨ ਬੈੱਡਾਂ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਕਰਨਾਲ ਪ੍ਰਸ਼ਾਸਨ ਵੱਲੋਂ ਤਿਆਰ ਕੀਤਾ ਗਿਆ ਕਰਨਾਲ ਰਿਸੋਰਸ ਲੋਕੇਟਰ ਮੋਬਾਈਲ ਐਪ ਵੀ ਲਾਂਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 1.16 ਲੱਖ ਐਕਟਿਵ ਮਰੀਜ਼ ਹਨ ਜਦਕਿ ਹਸਪਤਾਲਾਂ ਵਿੱਚ 10,500 ਆਕਸੀਜਨ ਬੈੱਡ ਹਨ।
1.05 ਲੱਖ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਹੋਇਆ ਹੈ। ਸ੍ਰੀ ਖੱਟਰ ਨੇ ਦੱਸਿਆ ਕਿ ਸੂਬੇ ਵਿੱਚ 12 ਹਜ਼ਾਰ ਆਕਸੀਜਨ ਬੈੱਡਾਂ ਦੀ ਲੋੜ ਹੈ, ਇਸ ਲਈ 1250 ਆਕਸੀਜਨ ਬੈੱਡ ਹੋਰ ਤਿਆਰ ਕੀਤੇ ਜਾ ਰਹੇ ਹਨ। ਪਾਣੀਪਤ ਤੇ ਹਿਸਾਰ ਵਿੱਚ 500-500 ਬੈੱਡ ਹਨ ਅਤੇ ਜਿੰਦਲ ਸਕੂਲ ਵਿੱਚ ਵੀ ਵਧੇਰੇ ਬੈੱਡ ਲਗਾਏ ਜਾ ਰਹੇ ਹਨ। ਇਸ ਤਰ੍ਹਾਂ ਹਰ ਜ਼ਿਲ੍ਹੇ ਦੇ ਹਸਪਤਾਲ ਵਿੱਚ ਬੈੱਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐੱਸਜੀਟੀ ਮੈਡੀਕਲ ਕਾਲਜ, ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਵੀ ਬੈੱਡ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਕਰੋਨਾ ਬਿਮਾਰੀ ਭਿਆਨਕ ਰੂਪ ਧਾਰਦੀ ਜਾ ਰਹੀ ਹੈ।
ਉਨ੍ਹਾਂ ਇਸ ਦਾ ਮੁਕਾਬਲਾ ਇਕਜੁੱਟ ਹੋ ਕੇ ਕਰਨ ਲਈ ਸਮਾਜਿਕ ਅਤੇ ਨਿੱਜੀ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਹਾਮਾਰੀ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਰਹੀ ਹੈ ਸਗੋਂ ਪਿੰਡਾਂ ਵਿੱਚ ਵੀ ਵਧ ਰਹੀ ਹੈ। ਇਸ ਦੀ ਰੋਕਥਾਮ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਪਿੰਡਾਂ ਵਿਚ ਵੀ ਜਲਦੀ ਤੋਂ ਜਲਦੀ ਆਕਸੀਜਨ ਬੈੱਡਾਂ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਆਕਸੀਜਨ ਦਾ ਕੋਟਾ 158 ਮੀਟਰਕ ਟਨ ਤੋਂ ਵਧਾ ਕੇ 282 ਮੀਟਰਕ ਟਨ ਕਰ ਦਿੱਤਾ ਹੈ ਜਦਕਿ ਹੋਰ ਕੋਟਾ ਵਧਾਉਣ ਲਈ ਗੱਲਬਾਤ ਚੱਲ ਰਹੀ ਹੈ।