ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਾਮੇਸ਼ ਕੁਮਾਰ ਨੇ ਅੱਜ 14 ਹੋਰ ਬਾਗ਼ੀ ਵਿਧਾਇਕਾਂ ਨੂੰ ਦਲਬਦਲੀ ਵਿਰੋਧੀ ਕਾਨੂੰਨ ਤਹਿਤ ਸਾਲ 2023 ਵਿਚ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ ਸਮਾਪਤ ਹੋਣ ਤੱਕ ਅਯੋਗ ਕਰਾਰ ਦਿੱਤਾ ਹੈ। ਸਪੀਕਰ ਦਾ ਇਹ ਫ਼ੈਸਲਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਵੱਲੋਂ ਵਿਧਾਨ ਸਭਾ ਵਿਚ ਬਹੁਮੱਤ ਸਾਬਿਤ ਕਰਨ ਤੋਂ ਇਕ ਦਿਨ ਪਹਿਲਾਂ ਆਇਆ ਹੈ। ਸਪੀਕਰ ਦੀ ਇਹ ਕਾਰਵਾਈ ਕਾਂਗਰਸ ਦੇ 11 ਤੇ ਜੇਡੀ(ਐੱਸ) ਦੇ ਤਿੰਨ ਵਿਧਾਇਕਾਂ ਖ਼ਿਲਾਫ਼ ਕੀਤੀ ਗਈ ਹੈ। ਸਪੀਕਰ ਨੇ ਇਕ ਮੀਡੀਆ ਕਾਨਫ਼ਰੰਸ ਕਰ ਕੇ ਇਸ ਬਾਰੇ ਐਲਾਨ ਕੀਤਾ। ਕਾਂਗਰਸ-ਜੇਡੀ(ਐੱਸ) ਸਰਕਾਰ ਡਿਗਣ ਤੋਂ ਬਾਅਦ ਤੇ ਯੇਦੀਯੁਰੱਪਾ ਦੇ ਮੁੱਖ ਮੰਤਰੀ ਦੇ ਤੌਰ ’ਤੇ ਹਲਫ਼ ਲੈਣ ਤੋਂ ਦੋ ਦਿਨ ਬਾਅਦ ਸਪੀਕਰ ਦਾ ਇਹ ਫ਼ੈਸਲਾ ਆਇਆ ਹੈ। ਸਪੀਕਰ ਦੇ ਇਸ ਫ਼ੈਸਲੇ ਦਾ ਯੇਦੀਯੁਰੱਪਾ ਸਰਕਾਰ ਦੇ ਭਵਿੱਖ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਇਨ੍ਹਾਂ ਵਿਧਾਇਕਾਂ ਦੇ ਤੁਰੰਤ ਪ੍ਰਭਾਵ ਨਾਲ ਅਯੋਗ ਠਹਿਰਾਏ ਜਾਣ ਨਾਲ ਉਨ੍ਹਾਂ ਦੀ ਗ਼ੈਰਹਾਜ਼ਰੀ ਨਾਲ ਸਦਨ ਦੀ ਪ੍ਰਭਾਵੀ ਗਿਣਤੀ ਘੱਟ ਹੋ ਜਾਵੇਗੀ। ਇਸ ਨਾਲ ਭਾਜਪਾ ਲਈ ਰਾਹ ਆਸਾਨ ਹੀ ਹੋਵੇਗਾ। ਐਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀ(ਐੱਸ) ਗੱਠਜੋੜ ਸਰਕਾਰ ਵੱਲੋਂ ਬਹੁਮੱਤ ਸਾਬਿਤ ਕਰਨ ਲਈ ਪੇਸ਼ ਕੀਤੇ ਮਤੇ ’ਤੇ ਵੋਟਾਂ ਪੈਣ ਵੇਲੇ 20 ਵਿਧਾਇਕਾਂ ਦੇ ਗ਼ੈਰਹਾਜ਼ਰ ਰਹਿਣ ਕਾਰਨ ਕਈ ਹਫ਼ਤਿਆਂ ਦੇ ਡਰਾਮੇ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਡਿੱਗ ਗਈ ਸੀ। ਇਨ੍ਹਾਂ 20 ਵਿਧਾਇਕਾਂ ਵਿਚੋਂ 17 ਬਾਗ਼ੀ ਵਿਧਾਇਕ ਤੇ ਇਕ-ਇਕ ਕਾਂਗਰਸ ਤੇ ਬਸਪਾ ਦਾ ਤੇ ਇਕ ਆਜ਼ਾਦ ਸੀ। 17 ਬਾਗ਼ੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 224 ਮੈਂਬਰੀ ਵਿਧਾਨ ਸਭਾ ਵਿਚ ਪ੍ਰਭਾਵੀ ਗਿਣਤੀ 207 ਹੋ ਜਾਵੇਗੀ। ਇਸ ਦੇ ਨਾਲ ਹੀ ਬਹੁਮੱਤ ਹਾਸਲ ਕਰਨ ਲਈ 104 ਵਿਧਾਇਕਾਂਦੇ ਸਮਰਥਨ ਦੀ ਲੋੜ ਪਏਗੀ। ਭਾਜਪਾ ਕੋਲ ਇਕ ਆਜ਼ਾਦ ਵਿਧਾਇਕ ਦੇ ਨਾਲ 106 ਮੈਂਬਰ ਹਨ। ਸਪੀਕਰ ਨੇ ਕਿਹਾ ਕਿ ਉਨ੍ਹਾਂ ਇਹ ਫ਼ੈਸਲਾ ਕਾਂਗਰਸ ਤੇ ਜੇਡੀ(ਐੱਸ) ਦੀ ਪਟੀਸ਼ਨ ’ਤੇ ਲਿਆ ਹੈ। ਬਾਗ਼ੀ ਵਿਧਾਇਕਾਂ ਨੇ ਅਸਤੀਫ਼ੇ ਸੌਂਪ ਦਿੱਤੇ ਸਨ ਤੇ ਭਰੋਸੇ ਦੀ ਵੋਟ ਹਾਸਲ ਕਰਨ ਲਈ ਕੁਮਾਰਸਵਾਮੀ ਸਰਕਾਰ ਵੱਲੋਂ ਲਿਆਂਦੇ ਮਤੇ ਮੌਕੇ ਇਹ ਗ਼ੈਰਹਾਜ਼ਰ ਸਨ। ਭਾਜਪਾ ਨੇ ਸਪੀਕਰ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ ਜਦਕਿ ਕਾਂਗਰਸ ਤੇ ਜੇਡੀ(ਐੱਸ) ਨੇ ਸ਼ਲਾਘਾ ਕੀਤੀ ਹੈ। ਸਪੀਕਰ ਨੇ ਕਿਹਾ ਕਿ ਕੱਲ੍ਹ ਜਦ ਬਹੁਮਤ ਸਾਬਿਤ ਕਰਨ ਲਈ ਮਤਾ ਪੇਸ਼ ਹੋਵੇਗਾ ਤਾਂ ਉਹ ਆਪਣੀ ਡਿਊਟੀ ਪਹਿਲਾਂ ਵਾਂਗ ਹੀ ਪੂਰੇ ਅਖ਼ਤਿਆਰ ਤੇ ਸੁਚੱਜੇ ਤਰੀਕੇ ਨਾਲ ਨਿਭਾਉਣਗੇ।
HOME ਕਰਨਾਟਕ: 14 ਹੋਰ ਬਾਗ਼ੀ ਵਿਧਾਇਕ ਅਯੋਗ ਠਹਿਰਾਏ