ਕਰਨਾਟਕ: ਯੇਦੀਯੁਰੱਪਾ ਵੱਲੋਂ ਬਹੁਮੱਤ ਸਾਬਤ

ਸਪੀਕਰ ਕੇ.ਆਰ. ਰਮੇਸ਼ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ

ਬੀ.ਐੱਸ.ਯੇਦੀਯੁਰੱਪਾ ਦੀ ਅਗਵਾਈ ਵਾਲੀ ਤਿੰਨ ਦਿਨ ਪੁਰਾਣੀ ਕਰਨਾਟਕ ਸਰਕਾਰ ਨੇ ਅੱਜ ਅਸੈਂਬਲੀ ਵਿੱਚ ਜ਼ੁਬਾਨੀ ਵੋਟਾਂ ਨਾਲ ਬਹੁਮੱਤ ਸਾਬਤ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ‘ਬਦਲੇ ਦੀ ਸਿਆਸਤ’ ਵਿੱਚ ਨਹੀਂ ਪੈਣਗੇ ਤੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਲੀਹੋਂ ਲੱਥੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਸਹੀ ਰਾਹ ਪਾਉਣਾ ਹੋਵੇਗਾ। ਉਧਰ ਸਦਨ ਦੀ ਕਾਰਵਾਈ ਮੁਕੰਮਲ ਹੁੰਦੇ ਹੀ ਅਸੈਂਬਲੀ ਸਪੀਕਰ ਕੇ.ਆਰ.ਰਮੇਸ਼ ਕੁਮਾਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਵੇਂ ਸਪੀਕਰ ਦੀ ਚੋਣ ਬੁੱਧਵਾਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਭਾਜਪਾ ਨੇ ਅੱਜ ਕਰਨਾਟਕ ਅਸੈਂਬਲੀ ਵਿੱਚ ਬਿਨਾਂ ਕਿਸੇ ਔਖ ਦੇ ਬਹੁਮੱਤ ਸਾਬਤ ਕਰ ਦਿੱਤਾ। ਵਿਸ਼ਵਾਸ ਮੱਤ ਪੇਸ਼ ਕਰਦਿਆਂ ਮੁੱਖ ਮੰਤਰੀ ਯੇਦੀਯੁਰੱਪਾ ਨੇ ਕਿਹਾ ਕਿ ਉਹ ‘ਬਦਲੇ ਦੀ ਸਿਆਸਤ’ ਵਿੱਚ ਨਹੀਂ ਪੈਣਗੇ ਤੇ ਉਹ ‘ਭੁੱਲਣ ਤੇ ਮੁਆਫ਼ ਕਰਨ ਦੇ ਸਿਧਾਂਤ ’ਚ ਯਕੀਨ’ ਰੱਖਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਮੁਸ਼ਕਲ ਹਾਲਾਤ ਵਿੱਚ ਸੂਬੇ ਦੀ ਕਮਾਨ ਸੰਭਾਲੀ ਹੈ ਤੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਲੀਹੋਂ ਲੱਥੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਮੁੜ ਸਹੀ ਰਾਹ ’ਤੇ ਪਾਉਣਾ ਹੋਵੇਗਾ। ਸਪੀਕਰ ਵੱਲੋਂ ਦਲ ਬਦਲੀ ਕਾਨੂੰਨ ਤਹਿਤ ਕਾਂਗਰਸ ਤੇ ਜੇਡੀਐੱਸ ਦੇ 17 ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਮਗਰੋਂ 225 ਮੈਂਬਰੀ (ਇਨ੍ਹਾਂ ਵਿਚੋਂ ਇਕ ਮੈਂਬਰ ਨਾਮਜ਼ਦ ਹੈ) ਵਿਧਾਨ ਸਭਾ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਘੱਟ ਕੇ 208 ਰਹਿ ਗਈ ਸੀ ਤੇ ਯੇਦੀਯੁਰੱਪਾ ਸਰਕਾਰ ਨੂੰ ਬਹੁਮੱਤ ਸਾਬਤ ਕਰਨ ਲਈ 105 ਦੇ ਅੰਕੜੇ ਦੀ ਦਰਕਾਰ ਸੀ। ਭਾਜਪਾ ਕੋਲ ਆਪਣੇ 105 ਵਿਧਾਇਕਾਂ ਸਮੇਤ ਇਕ ਆਜ਼ਾਦ ਵਿਧਾਇਕ ਦੀ ਹਮਾਇਤ ਹੈ, ਲਿਹਾਜ਼ਾ ਯੇਦੀਯੁਰੱਪਾ ਸਰਕਾਰ ਨੇ ਆਸਾਨੀ ਨਾਲ ਬਹੁਮੱਤ ਸਾਬਤ ਕਰ ਦਿੱਤਾ। ਉਧਰ ਮੌਜੂਦਾ ਅੰਕੜਿਆਂ ਨੂੰ ਵੇਖਦਿਆਂ ਵਿਰੋਧੀ ਧਿਰ ਕਾਂਗਰਸ ਤੇ ਜੇਡੀਐੱਸ ਨੇ ਵੋਟਾਂ ਦੀ ਵੰਡ ਲਈ ਜ਼ੋਰ ਨਹੀਂ ਪਾਇਆ ਤੇ ਭਾਜਪਾ ਸਰਕਾਰ ਨੇ ਜ਼ੁਬਾਨੀ ਵੋਟਾਂ ਨਾਲ ਬਹੁਮੱਤ ਸਾਬਤ ਕੀਤਾ। ਇਸ ਦੌਰਾਨ ਸਪੀਕਰ ਕੇ.ਆਰ.ਰਮੇਸ਼ ਕੁਮਾਰ ਨੇ ਆਸ ਮੁਤਾਬਕ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਆਪਣਾ ਅਸਤੀਫ਼ਾ ਡਿਪਟੀ ਸਪੀਕਰ ਕ੍ਰਿਸ਼ਨਾ ਰੈੱਡੀ ਨੂੰ ਸੌਂਪਿਆ। ਅਜਿਹੀਆਂ ਰਿਪੋਰਟਾਂ ਸਨ ਕਿ ਭਾਜਪਾ ਸਪੀਕਰ ਖ਼ਿਲਾਫ਼ ਬੇਵਿਸਾਹੀ ਮਤਾ ਪੇਸ਼ ਕਰ ਸਕਦੀ ਹੈ। ਕੁਮਾਰ ਨੇ ਕਿਹਾ, ‘ਮੈਂ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਸਪੀਕਰ ਵਜੋਂ ਮੈਂ ਆਪਣੀ ਜ਼ਮੀਰ ਤੇ ਸੰਵਿਧਾਨ ਮੁਤਾਬਕ ਕੰਮ ਕੀਤਾ। ਮੈਂ ਆਪਣੀ ਸਮਰੱਥਾ ਮੁਤਾਬਕ ਸਪੀਕਰ ਦੇ ਦਫ਼ਤਰ ਦੇ ਸਤਿਕਾਰ ਨੂੰ ਬਣਾ ਕੇ ਰੱਖਿਆ।’ ਇਸ ਦੌਰਾਨ ਮੁੱਖ ਮੰਤਰੀ ਯੇਦੀਯੁਰੱਪਾ ਨੇ ਰਾਜ ਨਾਲ ਸਬੰਧਤ ਸਾਰੇ ਸਰਕਾਰੀ ਬੋਰਡਾਂ, ਕਾਰਪੋਰੇਸ਼ਨਾਂ, ਅਥਾਰਿਟੀਆਂ ਤੇ ਕਮਿਸ਼ਨਾਂ ਲਈ ਪਿਛਲੀ ਕੁਮਾਰਸਵਾਮੀ ਸਰਕਾਰ ਵੱਲੋਂ ਕੀਤੀਆਂ ਸਾਰੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਹਨ।

Previous articleJagdeep Dhankhar takes oath as West Bengal Governor
Next articleਪ੍ਰਿਯੰਕਾ ਕਾਂਗਰਸ ਪ੍ਰਧਾਨ ਬਣਨ ਦੇ ਸਮਰੱਥ: ਕੈਪਟਨ