ਡਿਪਟੀ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾਈ;
ਟੀਐੱਮਸੀ ਵੱਲੋਂ ਨਿੱਜੀਕਰਨ ਦਾ ਵਿਰੋਧ
ਕਰਨਾਟਕ ਵਿਚ ਪੈਦਾ ਹੋਈ ਸਿਆਸੀ ਹਲਚਲ ਖ਼ਿਲਾਫ਼ ਅੱਜ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਰਾਜ ਸਭਾ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਇਸ ਦੇ ਮੈਂਬਰ ਰੋਸ ਜਤਾਉਂਦੇ ਹੋਏ ਸਪੀਕਰ ਦੀ ਕੁਰਸੀ ਅੱਗੇ ਪੁੱਜ ਗਏ। ਵਿਰੋਧੀ ਧਿਰ ਵੱਲੋਂ ਕੀਤੀ ਨਾਅਰੇਬਾਜ਼ੀ ਤੋਂ ਬਾਅਦ ਡਿਪਟੀ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਉਪਰਲਾ ਸਦਨ ਕਰੀਬ ਦੋ ਵਾਰ ਮੁਲਤਵੀ ਕੀਤਾ ਗਿਆ। ਸਦਨ ਦੀ ਕਾਰਵਾਈ ਜਦ ਦੋ ਵਜੇ ਦੇ ਕਰੀਬ ਮੁੜ ਸ਼ੁਰੂ ਹੋਈ ਤਾਂ ਕਾਂਗਰਸ, ਟੀਐਮਸੀ, ਸੀਪੀਆਈ ਤੇ ਸੀਪੀਐੱਮ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਤਿੰਨ ਮਿੰਟ ਦੇ ਅੰਦਰ ਹੀ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਡਿਪਟੀ ਚੇਅਰਮੈਨ ਹਰੀਵੰਸ਼ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਕਈ ਵਾਰ ਅਪੀਲ ਕਰ ਕੇ ਸੀਟਾਂ ’ਤੇ ਬੈਠਣ ਲਈ ਕਿਹਾ ਪਰ ਹੰਗਾਮਾ ਜਾਰੀ ਰਿਹਾ। ਇਸ ਮੌਕੇ ਸਦਨ ਵੱਲੋਂ ਬਜਟ (2019-20) ’ਤੇ ਵਿਚਾਰ-ਚਰਚਾ ਕੀਤੀ ਜਾਣੀ ਸੀ ਤੇ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਇਸ ਮੁੱਦੇ ’ਤੇ ਸਦਨ ਨੂੰ ਸੰਬੋਧਨ ਕਰਨਾ ਸੀ। ਕਾਂਗਰਸ ਇਸ ਰੌਲੇ-ਰੱਪੇ ਦੌਰਾਨ ਭਾਜਪਾ ’ਤੇ ਕਰਨਾਟਕ ਦੀ ਕਾਂਗਰਸ-ਜੇਡੀ(ਐੱਸ) ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਉਂਦੀ ਰਹੀ। ਕਾਂਗਰਸ ਨੇ ਦੋਸ਼ ਲਾਇਆ ਕਿ ਕਰਨਾਟਕ ਵਿਚ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟੀਐੱਮਸੀ ਮੈਂਬਰਾਂ ਨੇ ਜਨਤਕ ਖੇਤਰ ਦੀਆਂ ਇਕਾਈਆਂ ਦੇ ਨਿੱਜੀਕਰਨ ਖ਼ਿਲਾਫ਼ ਰੋਸ ਜਤਾਇਆ ਤੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ 12 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਵੈਂਕਈਆ ਦੀ ਗ਼ੈਰਹਾਜ਼ਰੀ ਵਿਚ ਡਿਪਟੀ ਚੇਅਰਮੈਨ ਹਰੀਵੰਸ਼ ਨੇ ਮੈਂਬਰਾਂ ਨੂੰ ਸ਼ਾਂਤ ਕਰਨ ਦੇ ਕਈ ਯਤਨ ਕੀਤੇ ਤੇ ਕਾਰਵਾਈ ਮੁੜ ਦੋ ਵਜੇ ਤੱਕ ਮੁਲਤਵੀ ਕਰਨੀ ਪਈ। ਡਿਪਟੀ ਚੇਅਰਮੈਨ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਨੂੰ ਸਿਫ਼ਰ ਕਾਲ ਵਿਚ ਕਰਨਾਟਕ ਮੁੱਦਾ ਉਠਾਉਣ ਦਾ ਮੌਕਾ ਦਿੱਤਾ ਗਿਆ ਸੀ ਜਿਸ ਦਾ ਉਨ੍ਹਾਂ ਲਾਭ ਨਹੀਂ ਲਿਆ। ਇਸ ਦੌਰਾਨ ਕਾਂਗਰਸ ਮੈਂਬਰ ਬੀ.ਕੇ. ਹਰੀਪ੍ਰਸਾਦ ਨੇ ਸਦਨ ਦੇ ਬਾਕੀ ਸਾਰੇ ਕੰਮ ਰੋਕ ਕੇ ਸਿਰਫ਼ ਕਰਨਾਟਕ ਮੁੱਦੇ ’ਤੇ ਵਿਚਾਰ ਦੀ ਮੰਗ ਕੀਤੀ, ਜਿਸ ਦੀ ਚੇਅਰਮੈਨ ਨੇ ਇਜਾਜ਼ਤ ਨਹੀਂ ਦਿੱਤੀ।