*ਮ੍ਰਿਤਕਾਂ ’ਚ 23 ਕਰੋਨਾ ਪੀੜਤ ਸ਼ਾਮਲ *ਯੇਦੀਯੁਰੱਪਾ ਨੇ ਜਾਂਚ ਦੇ ਹੁਕਮ ਦਿੱਤੇ *ਮ੍ਰਿਤਕਾਂ ਦੇ ਵਾਰਸਾਂ ਨੇ ਜ਼ਿਲ੍ਹਾ ਹਸਪਤਾਲ ਦੇ ਬਾਹਰ ਕੀਤਾ ਪ੍ਰਦਰਸ਼ਨ
ਬੰਗਲੂਰੂ (ਸਮਾਜ ਵੀਕਲੀ) : ਕਰਨਾਟਕ ਦੇ ਚਾਮਰਾਜਨਗਰ ਦੇ ਜ਼ਿਲ੍ਹਾ ਹਸਪਤਾਲ ’ਚ ਪਿਛਲੇ 24 ਘੰਟਿਆਂ ਦੌਰਾਨ ਆਕਸੀਜਨ ਦੀ ਕਥਿਤ ਘਾਟ ਕਾਰਨ ਕਰੋਨਾ ਦੇ 23 ਮਰੀਜ਼ਾਂ ਸਮੇਤ 24 ਵਿਅਕਤੀਆਂ ਦੀ ਮੌਤ ਹੋ ਗਈ। ਚਾਮਰਾਜਨਗਰ ਜ਼ਿਲ੍ਹਾ ਹਸਪਤਾਲ ’ਚ ਮਰੀਜ਼ਾਂ ਦੇ ਮਰਨ ਦੀ ਖ਼ਬਰ ਜਿਵੇਂ ਹੀ ਫੈਲੀ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਥੇ ਇਕੱਠੇ ਹੋ ਗਏ ਅਤੇ ਹਸਪਤਾਲ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਆਕਸੀਜਨ ਦੀ ਘਾਟ ਕਾਰਨ ਦਮ ਤੋੜ ਗਏ ਹਨ। ਉਨ੍ਹਾਂ ਹਸਪਤਾਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਕਰਨਾਟਕ ਦੇ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਹਾਦਸੇ ਦੀ ਪੂਰੀ ਜਾਣਕਾਰੀ ਲਈ ਅਤੇ ਸੀਨੀਅਰ ਆਈਏਐੱਸ ਅਫ਼ਸਰ ਸ਼ਿਵਯੋਗੀ ਕਾਲਾਸਾੜ ਨੂੰ ਮਾਮਲੇ ਦੀ ਜਾਂਚ ਸੌਂਪੀ ਹੈ। ਉਨ੍ਹਾਂ ਕਿਹਾ ਕਿ ਜਾਂਚ ’ਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਦੇ ਇੰਚਾਰਜ ਮੰਤਰੀ ਐੱਸ ਸੁਰੇਸ਼ ਕੁਮਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਂਜ ਉਨ੍ਹਾਂ ਦਾਅਵਾ ਕੀਤਾ ਕਿ ਸਾਰੀਆਂ ਮੌਤਾਂ ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਇਹ ਮੌਤਾਂ ਐਤਵਾਰ ਤੋਂ ਅੱਜ ਸਵੇਰੇ ਦਰਮਿਆਨ ਹੋਈਆਂ ਹਨ। ਆਕਸੀਜਨ ਦੀ ਕਮੀ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਸਾਢੇ 12 ਵਜੇ ਤੋਂ ਢਾਈ ਵਜੇ ਦਰਮਿਆਨ ਹੋਈ ਸੀ।’’ ਉਨ੍ਹਾਂ ਕਿਹਾ ਕਿ ਸੂਬੇ ’ਚ 6 ਹਜ਼ਾਰ ਲਿਟਰ ਤਰਲ ਮੈਡੀਕਲ ਆਕਸੀਜਨ ਦਾ ਭੰਡਾਰ ਹੈ ਪਰ ਆਕਸੀਜਨ ਸਿਲੰਡਰਾਂ ਦੀ ਲੋੜ ਹੈ। ਇਹ ਸਿਲੰਡਰ ਮੈਸੂਰ ਤੋਂ ਆਉਣੇ ਸਨ ਪਰ ਕੋਈ ਖਾਮੀ ਪੈਦਾ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly