ਕਾਂਗਰਸ ਤੇ ਜਨਤਾ ਦਲ (ਸੈਕੂਲਰ) ਨਾਲ ਸਬੰਧਤ ਦਰਜਨ ਤੋਂ ਵੱਧ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਕਰ ਕੇ ਸਿਆਸੀ ਸੰਕਟ ਵਿੱਚ ਘਿਰੇ ਕਰਨਾਟਕ ਦੇ ਸਿਆਸੀ ਗੱਠਜੋੜ ਨੇ ਆਪਣੀ ਸਰਕਾਰ ਬਚਾਉਣ ਦੇ ਯਤਨ ਆਰੰਭ ਦਿੱਤੇ ਹਨ। ਇਨ੍ਹਾਂ ਯਤਨਾਂ ਤਹਿਤ ਜਿੱਥੇ ਇਕ ਪਾਸੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਵੱਲੋਂ ਆਪਣੇ 13 ਮਹੀਨੇ ਪੁਰਾਣੇ ਗੱਠਜੋੜ ਨੂੰ ਬਚਾਉਣ ਲਈ ਗੱਠਜੋੜ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ ਉੱਥੇ ਹੀ ਮੁੰਬਈ ’ਚ ਡੇਰੇ ਲਗਾਈ ਬੈਠੇ ਅਸਤੀਫ਼ੇ ਦੇਣ ਵਾਲੇ ਕਾਂਗਰਸ ਤੇ ਜਨਤਾ ਦਲ (ਸੈਕੁਲਰ) ਦੇ ਵਿਧਾਇਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਸਤੀਫ਼ੇ ਵਾਪਸ ਨਹੀਂ ਲੈਣਗੇ। ਅਸਤੀਫੇ ਦੇਣ ਵਾਲੇ ਸਾਰੇ 13 ਵਿਧਾਇਕਾਂ ਵਿੱਚੋਂ ਇਕ ਐੱਸ.ਟੀ. ਸੋਮਾਸ਼ੇਖਰ ਨੇ ਮੁੰਬਈ ਵਿੱਚ ਗੱਲਬਾਤ ਦੌਰਾਨ ਕਿਹਾ ਕਿ ਅਸਤੀਫ਼ੇ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਲਕੇ ਤਿੰਨ ਹੋਰ ਵਿਧਾਇਕ ਰਾਮਾਲਿੰਗਾ ਰੈੱਡੀ, ਮੁਨੀਰਤਨਾ ਅਤੇ ਆਨੰਦ ਸਿੰਘ ਨਾਲ ਰਲ ਰਹੇ ਹਨ। ਇਸੇ ਦੌਰਾਨ ਕਾਂਗਰਸੀ ਆਗੂਆਂ ਨੇ ਹੋਟਲ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਭਾਜਪਾ ’ਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਨੂੰ ਲਾਲਚ ਦੇ ਕੇ ਭਰਮਾਉਣ ਦੇ ਦੋਸ਼ ਲਗਾਏ।
ਕਾਂਗਰਸ ਵਿਧਾਇਕ ਦਲ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਐੱਸ.ਸਿੱਧਾਰਮੱਈਆ ਨੇ 12 ਜੁਲਾਈ ਤੋਂ ਸ਼ੁਰੂ ਹੋ ਰਹੇ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਮੰਗਲਵਾਰ ਨੂੰ ਪਾਰਟੀ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਹੈ। ਇਸ ਦੌਰਾਨ ਮੁੱਖ ਵਿਰੋਧੀ ਧਿਰ ਭਾਜਪਾ ਨੇ ਕਿਹਾ ਕਿ ਉਹਦੀ ਹਰ ਸਰਗਰਮੀ ’ਤੇ ਨਜ਼ਰ ਹੈ। ਭਾਜਪਾ ਨੇ ਇਸ਼ਾਰਾ ਕੀਤਾ ਕਿ ਸੂਬੇ ਵਿੱਚ ਸਰਕਾਰ ਬਣਾਉਣ ਦੇ ਬਦਲ ਉਸ ਦੇ ਵਿਚਾਰਧੀਨ ਹਨ। ਉਧਰ ਸੀਨੀਅਰ ਕਾਂਗਰਸੀ ਆਗੂਆਂ ਨੇ ਭਾਜਪਾ ’ਤੇ ਕਰਨਾਟਕ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਨੂੰ ਦੁਹਰਾਇਆ ਹੈ। ਸ੍ਰੀ ਸਿੱਧਾਰਮੱਈਆ ਨੇ 9 ਜੁਲਾਈ ਨੂੰ ਪਾਰਟੀ ਵਿਧਾਇਕਾਂ ਦੀ ਮੀਟਿੰਗ ਸੱਦਦਿਆਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਵਿਧਾਇਕ ਦੀ ਗ਼ੈਰਹਾਜ਼ਰੀ ਨੂੰ ਸੰਜੀਦਗੀ ਨਾਲ ਲਿਆ ਜਾਵੇਗਾ। ਇਹ ਮੀਟਿੰਗ ਇਸ ਲਈ ਅਹਿਮ ਹੈ ਕਿਉਂਕਿ ਅਜਿਹਾ ਖ਼ਦਸ਼ਾ ਹੈ ਕਿ ਅਗਲੇ ਇਕ ਦੋ ਦਿਨਾਂ ’ਚ ਹੋਰ ਵਿਧਾਇਕ ਅਸਤੀਫ਼ੇ ਦੇ ਸਕਦੇ ਹਨ। ਇਸ ਦੌਰਾਨ ਏਆਈਸੀਸੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ, ਜੋ ਇਥੇ ਡੇਰਾ ਲਾਈ ਬੈਠੇ ਹਨ, ਤੇ ਹੋਰਨਾਂ ਕਾਂਗਰਸੀ ਆਗੂਆਂ ਵੱਲੋਂ ਸਰਕਾਰ ਬਚਾਉਣ ਦੇ ਆਖਰੀ ਹੱਲੇ ਵਜੋਂ ਅੱਜ ਵੀ ਪਾਰਟੀ ਵਿਧਾਇਕਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਗਈਆਂ। ਆਗੂਆਂ ਵੱਲੋਂ ਅਸਤੀਫ਼ੇ ਦੇਣ ਵਾਲੇ ਅਤੇ ਅਸਤੀਫਾ ਦੇਣ ਦੇ ਰੌਂਅ ਵਿੱਚ ਲਗਦੇ ਕਾਂਗਰਸੀ ਵਿਧਾਇਕਾਂ ਨਾਲ ਵੀ ਲਗਾਤਾਰ ਰਾਬਤਾ ਬਣਾਉਣ ਦਾ ਯਤਨ ਕੀਤਾ ਜਾ ਰਿਹੈ। ਇਨ੍ਹਾਂ ਮੀਟਿੰਗਾਂ ਵਿੱਚ ਸਿੱਧਾਰਮੱਈਆ ਤੋਂ ਇਲਾਵਾ ਉਪ ਮੁੱਖ ਮੰਤਰੀ ਜੀ.ਪਰਮੇਸ਼ਵਰਾ, ਮੰਤਰੀ ਡੀ.ਕੇ.ਸ਼ਿਵਕੁਮਾਰ ਤੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਈਸ਼ਵਰ ਖਾਂਡਰੇ ਮੌਜੂਦ ਸਨ।
ਸ਼ਿਵਕੁਮਾਰ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸੰਕਟ ਦਾ ਹੱਲ ਲੱਭਣ ਲਈ ਯਤਨ ਜਾਰੀ ਹਨ। ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ। ਸਰਕਾਰ ਤੇ ਪਾਰਟੀ ਨੂੰ ਬਚਾਉਣ ਲਈ ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।’ ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਂਡ ਨੇ ਵੱਡੀ ਗਿਣਤੀ ਵਿਧਾਇਕਾਂ ਵੱਲੋਂ ਅਸਤੀਫ਼ੇ ਦੇਣ ਲਈ ਸੂਬਾਈ ਆਗੂਆਂ ਦੀ ਜਵਾਬਤਲਬੀ ਕੀਤੀ ਹੈ। ਇਸ ਦੌਰਾਨ ਜੇਡੀਐਸ ਦੇ ਸਰਪ੍ਰਸਤ ਐੱਚ.ਡੀ.ਦੇਵੇਗੌੜਾ ਦੀ ਰਿਹਾਇਸ਼ ’ਤੇ ਵੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਸ਼ਿਵਕੁਮਾਰ ਨੇ ਵੀ ਸ੍ਰੀ ਗੌੜਾ ਨਾਲ ਮੁਲਾਕਾਤ ਕੀਤੀ।
ਗੱਠਜੋੜ ਸਰਕਾਰ ਨੂੰ ਬਚਾਉਣ ਲਈ ਤਜਰਬੇਕਾਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੂੰ ਮੁੱਖ ਮੰਤਰੀ ਥਾਪੇ ਜਾਣ ਦੇ ਕਿਆਸਾਂ ਦਰਮਿਆਨ ਸ੍ਰੀ ਖੜਗੇ ਨੇ ਅਜਿਹੀ ਕਿਸੇ ਪੇਸ਼ਕਸ਼ ਤੋਂ ਇਨਕਾਰ ਕਰਦਿਆਂ ਅਜਿਹੀਆਂ ਖ਼ਬਰਾਂ ਨੂੰ ਪਾਰਟੀ ਵਿੱਚ ਵੰਡ ਪਾਉਣ ਦਾ ਯਤਨ ਕਰਾਰ ਦਿੱਤਾ ਹੈ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਅਸ਼ੋਕ ਚਵਾਨ ਨੇ ਕਿਹਾ ਕਿ ਭਾਜਪਾ, ਜਮਹੂਰੀ ਤੌਰ ’ਤੇ ਚੁਣੀ ਕਾਂਗਰਸ-ਜੇਡੀਪੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਰ ਹੀਲਾ ਵਰਤ ਰਹੀ ਹੈ।
HOME ਕਰਨਾਟਕ: ਗੱਠਜੋੜ ਸਰਕਾਰ ਬਚਾਉਣ ਲਈ ਯਤਨ ਤੇਜ਼