ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀਐੱਸ ਗੱਠਜੋੜ ਸਰਕਾਰ 18 ਜੁਲਾਈ ਨੂੰ ਕਰਨਾਟਕ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਹਾਸਲ ਕਰੇਗੀ। ਗੱਠਜੋੜ ਦੇ 16 ਵਿਧਾਇਕਾਂ ਵੱਲੋਂ ਦਿੱਤੇ ਅਸਤੀਫ਼ਿਆਂ ਕਰਕੇ ਸਰਕਾਰ ਸਿਆਸੀ ਸੰਕਟ ਵਿੱਚ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਰਨਾਟਕ ਅਸੈਂਬਲੀ ਨਾਲ ਸਬੰਧਤ ਪੰਜ ਹੋਰ ਬਾਗ਼ੀ ਵਿਧਾਇਕਾਂ ਦੀ ਅਪੀਲ ਉੱਤੇ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ। ਉਧਰ ਮੁੰਬਈ ਵਿੱਚ ਡੇਰੇ ਲਾਈ ਬੈਠੇ ਕਰਨਾਟਕ ਦੇ ਵਿਧਾਇਕ ਮੁੱਖ ਮੰਤਰੀ ਕੁਮਾਰਸਵਾਮੀ ਵੱਲੋਂ ਪੇਸ਼ ਭਰੋਸੇ ਦੇ ਮਤੇ ਉੱਤੇ ਹੋਣ ਵਾਲੀ ਵੋਟਿੰਗ ਮੌਕੇ ਗੈਰਹਾਜ਼ਰ ਰਹਿ ਸਕਦੇ ਹਨ। ਉਂਜ ਇਨ੍ਹਾਂ ਬਾਗ਼ੀ ਵਿਧਾਇਕਾਂ ਨੇ ਅੱਜ ਮੁੰਬਈ ਪੁਲੀਸ ਦੇ ਮੁਖੀ ਨੂੰ ਪੱਤਰ ਲਿਖ ਕੇ ਮਲਿਕਾਰਜੁਨ ਖੜਗੇ ਸਮੇਤ ਕਿਸੇ ਵੀ ਕਾਂਗਰਸੀ ਆਗੂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।
ਕਰਨਾਟਕ ਅਸੈਂਬਲੀ ਦੇ ਸਪੀਕਰ ਕੇ.ਆਰ.ਰਮੇਸ਼ ਨੇ ਅੱਜ ਐਲਾਨ ਕੀਤਾ ਕਿ ਕੁਮਾਰਸਵਾਮੀ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਪੇਸ਼ ਮਤਾ 18 ਜੁਲਾਈ ਨੂੰ ਸਵੇਰੇ 11 ਵਜੇਂ ਸਦਨ ਵਿੱਚ ਰੱਖਿਆ ਜਾਵੇਗਾ। ਕੁਮਾਰ ਨੇ ਵੀਰਵਾਰ ਤਕ ਅਸੈਂਬਲੀ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ ਕਿ ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਵਿਰੋਧੀ ਤੇ ਸੱਤਾਧਾਰੀ ਗੱਠਜੋੜ ਦੋਵਾਂ ਦੇ ਸਲਾਹ ਮਸ਼ਵਰੇ ਮਗਰੋਂ 18 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਇਸ ਦੌਰਾਨ ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸਰਕਾਰ ਇਸ ਸੰਕਟ ਨੂੰ ਪਾਰ ਪਾ ਲਏਗੀ। ਸੀਨੀਅਰ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਬਾਗ਼ੀ ਵਿਧਾਇਕਾਂ ਨੂੰ ਮਨਾਉਣ ਲਈ ਯਤਨ ਜਾਰੀ ਰੱਖਣਗੇ।
ਉਧਰ ਸੁਪਰੀਮ ਕੋਰਟ ਨੇ ਕਰਨਾਟਕ ਦੇ ਸਪੀਕਰ ਵੱਲੋਂ ਦਸ ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਸਵੀਕਾਰ ਨਾ ਕੀਤੇ ਜਾਣ ਸਬੰਧੀ ਪਟੀਸ਼ਨ ਦੇ ਨਾਲ ਹੀ ਪੰਜ ਹੋਰ ਬਾਗ਼ੀ ਵਿਧਾਇਕਾਂ ਦੀ ਪਟੀਸ਼ਨ ਉੱਤੇ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਬਾਗ਼ੀ ਵਿਧਾਇਕਾਂ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਬਕਾਇਆ ਪਟੀਸ਼ਨ ਵਿੱਚ ਪੰਜ ਹੋਰਨਾਂ ਬਾਗ਼ੀ ਵਿਧਾਇਕਾਂ ਨੂੰ ਧਿਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਸੂਤਰਾਂ ਮੁਤਾਬਕ ਮੁੰਬਈ ਦੇ ਲਗਜ਼ਰੀ ਹੋਟਲ ਵਿੱਚ ਡੇਰੇ ਲਾਈ ਬੈਠੇ ਬਾਗ਼ੀ ਵਿਧਾਇਕ 18 ਜੁਲਾਈ ਨੂੰ ਕਰਨਾਟਕ ਅਸੈਂਬਲੀ ਵਿੱਚ ਪੇਸ਼ ਕੀਤੇ ਜਾਣ ਵਾਲੇ ਭਰੋਸੇ ਦੇ ਵੋਟ ਮੌਕੇ ਗੈਰਹਾਜ਼ਰ ਰਹਿ ਸਕਦੇ ਹਨ। ਅਸਤੀਫਿਆਂ ਲਈ ਬਜ਼ਿੱਦ ਰਹਿਣ ਕਰਕੇ ਇਨ੍ਹਾਂ ਬਾਗ਼ੀ ਵਿਧਾਇਕਾਂ ਦੀ ਅਸੈਂਬਲੀ ਚ ਮੌਜੂਦਗੀ ਸਬੰਧੀ ਕੋਈ ਤੁਕ ਨਹੀਂ ਰਹਿੰਦੀ। ਇਸ ਦੌਰਾਨ ਬਾਗ਼ੀ ਵਿਧਾਇਕਾਂ ਨੇ ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਜਾਂ ਗੁਲਾਮ ਨਬੀ ਆਜ਼ਾਦ ਸਮੇਤ ਕਿਸੇ ਵੀ ਆਗੂ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਹੈ। ਮੁੰਬਈ ਪੁਲੀਸ ਦੇ ਮੁਖੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਸਾਫ਼ ਕਰ ਦਿੱਤਾ ਕਿ ਧਮਕੀਆਂ ਦੇ ਮੱਦੇਨਜ਼ਰ ਉਹ ਕਿਸੇ ਵੀ ਸੀਨੀਅਰ ਆਗੂ ਨੂੰ ਨਹੀਂ ਮਿਲਣਗੇ।
ਕਾਂਗਰਸ ਤੇ ਜੇਡੀ (ਐੱਸ) ਗੱਠਜੋੜ ਨਾਲ ਸਬੰਧਤ ਦੋ ਵਿਧਾਇਕ ਆਪਣੇ ਅਸਤੀਫਿਆਂ ਨੂੰ ਲੈ ਕੇ ਨਿੱਜੀ ਸੁਣਵਾਈ ਮੌਕੇ ਅੱਜ ਸਪੀਕਰ ਕੇ.ਆਰ.ਰਮੇਸ਼ ਅੱਗੇ ਪੇਸ਼ ਹੋਣ ਵਿੱਚ ਨਾਕਾਮ ਰਹੇ। ਸਪੀਕਰ ਨੇ ਰਾਮਲਿੰਗਾ ਰੈੱਡੀ (ਕਾਂਗਰਸ) ਤੇ ਗੋਪਾਲਿਆ (ਜੇਡੀਐੱਸ) ਨੂੰ ਪਿਛਲੇ ਹਫ਼ਤੇ ਆਪਣੇ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਸੀ।
HOME ਕਰਨਾਟਕ: ਕੁਮਾਰਸਵਾਮੀ ਸਰਕਾਰ ਦੀ ਅਜ਼ਮਾਇਸ਼ 18 ਨੂੰ