ਡੇਰਾ ਬਾਬਾ ਨਾਨਕ ਲਾਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਭੂਮੀ ਪੂਜਨ ਤੋਂ ਬਾਅਦ ਅੱਜ ਖ਼ਾਲਸਈ ਜੈਕਾਰਿਆਂ ਨਾਲ ਸ਼ੁਰੂ ਹੋ ਗਿਆ। ਹਾਲਾਂਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਅੱਧੇ ਤੋਂ ਜ਼ਿਆਦਾ ਮੁਕੰਮਲ ਕਰ ਲਿਆ ਹੈ ਪਰ ਭਾਰਤ ਵਾਲੇ ਪਾਸੇ ਜ਼ਮੀਨ ਐਕੁਆਇਰ ਕੀਤੇ ਜਾਣ ਤੋਂ ਬਾਅਦ ਕੰਮ ਵੀਰਵਾਰ ਸ਼ਾਮ ਨੂੰ ਹੀ ਕੁਝ ਰਸਮਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਾਲਕਾਂ ਤੋਂ ਲਾਂਘੇ ਅਤੇ ਹੋਰ ਜ਼ਰੂਰੀ ਇਮਾਰਤਾਂ ਲਈ ਜ਼ਮੀਨ ਗ੍ਰਹਿਣ ਕਰਨ ਦੌਰਾਨ ਢੁੱਕਵੇਂ ਭਾਅ ਬਾਰੇ ਕਈ ਅੜਿੱਕੇ ਸਨ। ਡੇਰਾ ਬਾਬਾ ਨਾਨਕ ਤੋਂ ਜ਼ੀਰੋ ਲਾਈਨ ਤੱਕ 200 ਫੁੱਟ ਚੌੜੀ ਸੜਕ (ਚਾਰ ਕਿਲੋਮੀਟਰ) ਨੂੰ ਚਹੁੰਮਾਰਗੀ ਕੀਤਾ ਜਾਵੇਗਾ। ਜ਼ੀਰੋ ਲਾਈਨ ਕੋਲ ਕੰਡਿਆਲੀ ਤਾਰ ਨੇੜੇ ਓਵਰਬ੍ਰਿਜ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਸੜਕ ਦੇ ਨਿਰਮਾਣ ਵਿਚ ਜੁਟੀ ਕੰਪਨੀ ਦੇ ਅਧਿਕਾਰੀਆਂ ਨੇ ਭੂਮੀ ਪੂਜਨ ਦੀ ਰਸਮ ਧੁੱਸੀ ਬੰਨ੍ਹ ਲਾਗੇ ਮੁਕੰਮਲ ਕੀਤੀ। ਭਾਰਤ ਵਾਲੇ ਪਾਸੇ ਜ਼ਮੀਨ ਐਕੁਆਇਰ ਕਰਨ ਤੋਂ ਬਾਅਦ ਹੁਣ ਕਰਤਾਰਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਕੌਮੀ ਰਾਜ ਮਾਰਗ ਅਥਾਰਿਟੀ (ਐਨ.ਐਚ.ਏ.ਆਈ.) ਕੰਮ ਦੀ ਨਜ਼ਰਸਾਨੀ ਕਰ ਰਹੀ ਹੈ। ਕੰਪਨੀ ਅਧਿਕਾਰੀਆਂ ਨੇ ਸਥਾਨਕ ਕਿਸਾਨਾਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਹੈ। ਕੰਪਨੀ ਮੁਤਾਬਕ ਮੌਨਸੂਨ ਤੋਂ ਪਹਿਲਾਂ ਮਿੱਟੀ ਪਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ ਓਵਰਬ੍ਰਿਜ ਬਣਾਉਣ ਦੀ ਵੀ ਸ਼ੁਰੂਆਤ ਜਲਦੀ ਹੋਵੇਗੀ। ਮਾਰਗ ਨੂੰ ਸਤੰਬਰ ਤੱਕ ਮੁਕੰਮਲ ਕਰਨ ਦਾ ਨਿਸ਼ਾਨਾ ਮਿੱਥਿਆ ਗਿਆ ਹੈ। ਲੈਂਡ ਪੋਰਟ ਅਥਾਰਿਟੀ ਦੁਆਰਾ ਟਰਮੀਨਲ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਆਉਂਦੇ ਕੁਝ ਦਿਨਾਂ ਵਿੱਚ ਕੀਤੀ ਜਾ ਰਹੀ ਹੈ।
INDIA ਕਰਤਾਰਪੁਰ ਲਾਂਘੇ ਲਈ ਸੜਕ ਦਾ ਨਿਰਮਾਣ ਸ਼ੁਰੂ