ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਖ਼ਤਮ

ਸਿਰਫ਼ ਸ਼ਨਾਖ਼ਤੀ ਦਸਤਾਵੇਜ਼ ਰਾਹੀਂ ਕੀਤੇ ਜਾ ਸਕਣਗੇ ਗੁਰੂ ਘਰ ਦੇ ਦਰਸ਼ਨ

* ਪਾਕਿਸਤਾਨ ਸਰਕਾਰ ਨੇ 9 ਤੇ 12 ਨਵੰਬਰ ਲਈ 20 ਡਾਲਰ ਫ਼ੀਸ ਦੀ ਸ਼ਰਤ ਹਟਾਈ
* ਦਸ ਦਿਨ ਪਹਿਲਾਂ ਰਜਿਸਟਰੇਸ਼ਨ ਕਰਵਾਉਣ ਦੀ ਨਹੀਂ ਹੋਵੇਗੀ ਜ਼ਰੂਰਤ

ਸਿੱਖ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਐਲਾਨ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਆਉਣ ਵਾਲਿਆਂ ਨੂੰ ਹੁਣ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ ਤੇ ਉਹ ਸਿਰਫ਼ ਵੈਧ ਸ਼ਨਾਖ਼ਤੀ ਦਸਤਾਵੇਜ਼ (ਆਈਡੀ) ਦਿਖਾ ਕੇ ਦਰਸ਼ਨਾਂ ਲਈ ਆ ਸਕਦੇ ਹਨ। ਇਸ ਤੋਂ ਇਲਾਵਾ ਦਸ ਦਿਨ ਪਹਿਲਾਂ ਰਜਿਸਟਰੇਸ਼ਨ ਦੀ ਸ਼ਰਤ ਵੀ ਪਾਕਿਸਤਾਨ ਸਰਕਾਰ ਵੱਲੋਂ ਹਟਾ ਲਈ ਗਈ ਹੈ। ਸ਼ੁੱਕਰਵਾਰ ਸਵੇਰੇ ਕੀਤੇ ਇਕ ਟਵੀਟ ’ਚ ਖ਼ਾਨ ਨੇ ਐਲਾਨ ਕੀਤਾ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ, 9 ਨਵੰਬਰ ਨੂੰ ਗੁਰਦੁਆਰਾ ਸਾਹਿਬ ਪੁੱਜਣ ਵਾਲੇ ਸ਼ਰਧਾਲੂਆਂ ਤੇ ਪ੍ਰਕਾਸ਼ ਪੁਰਬ ਵਾਲੇ ਦਿਨ (12 ਨਵੰਬਰ) ਆਉਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਫ਼ੀਸ ਵੀ ਨਹੀਂ ਲਈ ਜਾਵੇਗੀ। ਹਾਲਾਂਕਿ ਨੌਂ ਤੇ 12 ਨਵੰਬਰ ਨੂੰ ਛੱਡ ਕੇ ਸ਼ਰਧਾਲੂਆਂ ਨੂੰ ਭਵਿੱਖ ਵਿਚ 20 ਡਾਲਰ ਫ਼ੀਸ ਦੇਣੀ ਪਵੇਗੀ। ਜਦਕਿ ਭਾਰਤ ਨੇ ਪਾਕਿ ਨੂੰ ਇਹ ਫ਼ੀਸ ਨਾ ਲੈਣ ਲਈ ਕਿਹਾ ਸੀ। ਦੱਸਣਯੋਗ ਹੈ ਕਿ ਜਿੱਥੇ ਕਸ਼ਮੀਰ ਮੁੱਦੇ ’ਤੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਹੈ, ਉੱਥੇ ਪਿਛਲੇ ਹਫ਼ਤੇ ਕਾਫ਼ੀ ਲੰਮੀ ਗੱਲਬਾਤ ਤੋਂ ਬਾਅਦ ਕਰਤਾਰਪੁਰ ਲਾਂਘੇ ਸਬੰਧੀ ਦੋਵਾਂ ਮੁਲਕਾਂ ਨੇ ਸਮਝੌਤਾ ਸਹੀਬੱਧ ਕੀਤਾ ਸੀ। ਇਸ ਮੌਕੇ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਦੇ ਜਾਣ ਬਾਰੇ ਸਹਿਮਤੀ ਬਣੀ ਸੀ। ਇਸ ਤੋਂ ਇਲਾਵਾ ਫ਼ੈਸਲਾ ਕੀਤਾ ਗਿਆ ਸੀ ਕਿ ਖ਼ਾਸ ਮੌਕਿਆਂ ’ਤੇ ਗਿਣਤੀ ਵਧਾਈ ਵੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਂ ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ ਤੇ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਕਰਤਾਰਪੁਰ ਸਾਹਿਬ ਦੇ ਲਈ ਰਵਾਨਾ ਕਰਨਗੇ।

Previous articleDalit killed for not selling Fish to dominant caste men
Next article‘ਸ੍ਰੀ ਗੁਰੂ ਨਾਨਕ ਦੇਵ ਜੀ ਐਵਾਰਡ’ ਸ਼ੁਰੂ ਕਰਨ ਨੂੰ ਹਰੀ ਝੰਡੀ