ਡੇਰਾ ਬਾਬਾ ਨਾਨਕ ਸਰਹੱਦ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੱਕ ਬਣਾਏ ਜਾ ਰਹੇ ਲਾਂਘੇ ਦਾ ਕੰਮ ਬੀਤੇ ਪੰਜ ਦਿਨਾਂ ਤੋਂ ਠੱਪ ਪਿਆ ਹੈ। ਇਸ ਦਾ ਕਾਰਨ ਲਾਂਘੇ ਦੀ ਉਸਾਰੀ ਵਿੱਚ ਲੱਗੇ ਟਰੱਕ ਚਾਲਕਾਂ ਅਤੇ ਹੋਰ ਮਸ਼ੀਨ ਅਪਰੇਟਰਾਂ ਨੂੰ ਤਨਖਾਹਾਂ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਟਰੱਕ ਚਾਲਕਾਂ ਅਤੇ ਮਸ਼ੀਨ ਅਪਰੇਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਰੋਟੀ ਵੀ ਨਹੀਂ ਜੁੜ ਰਹੀ। ਇਨ੍ਹਾਂ ਪੱਤਰਕਾਰਾਂ ਨੇ ਦੌਰਾ ਕਰਨ ’ਤੇ ਦੇਖਿਆ ਕਿ ਲਾਂਘੇ ਦੇ ਕੰਮ ਲਈ ਲਗਾਈਆਂ ਵੱਡੀਆਂ ਵੱਡੀਆਂ ਮਸ਼ੀਨਾਂ, ਟਿੱਪਰ/ਟਰੱਕ ਖੜ੍ਹੇ ਹਨ ਅਤੇ ਕਿਰਤੀ ਲੋਕ ਕੰਡਿਆਲੀ ਤਾਰ ਕੋਲ ਸੰਘਣੇ ਰੁੱਖ਼ਾਂ ਦੀ ਛਾਵੇਂ ਆਰਾਮ ਕਰ ਰਹੇ ਸਨ। ਜਦੋਂ ਉਨ੍ਹਾਂ ਤੋਂ ਕੰਮ ਰੁਕੇ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਹੈਰਾਨੀ ਦੀ ਗੱਲ ਹੈ ਕਿ ਇਹ ਪਹਿਲਾਂ ਵੀ ਸਬੰਧਤ ਠੇਕੇਦਾਰਾਂ ਵਿਰੁੱਧ ਤਨਖਾਹਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਸਬੰਧੀ ਪੁੱਛੇ ਜਾਣ ’ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਲਖੀ ਭਰੇ ਲਹਿਜ਼ੇ ’ਚ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਤਾਂ ਲਗਪਗ 80 ਫ਼ੀਸਦੀ ਕੰਮ ਹੋ ਚੁੱਕਾ ਹੈ,ਪਰ ਇੱਧਰ (ਭਾਰਤ) ਹਾਲੇ ਠੇਕੇਦਾਰ ਟੈਂਡਰ ਦੇ ‘ਚੱਕਰ’ ’ਚ ਤੁਰੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮੁਕਾਬਲੇ ਪਾਕਿ ਕੰਮ ਵਿੱਚ ਅੱਗੇ ਨਿਕਲ ਗਿਆ ਹੈ। ਸ੍ਰੀ ਰੰਧਾਵਾ ਜੋ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਵੀ ਹਨ ਨੇ ਦੱਸਿਆ ਕਿ ਸਟੋਨ ਕਰੱਸ਼ਰ ਦਾ ਮਾਮਲਾ ਵੀ ਸਾਹਮਣੇ ਆਇਆ ਹੈੇ। ਇੱਥੋਂ ਦੀ ਨਿਰਮਾਣ ਕੰਪਨੀ ਦੇ ਉਚ ਅਧਿਕਾਰੀ ਦੀ ਪੀਡਬਲਿਊਡੀ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲ ਕਰਵਾ ਦਿੱਤੀ ਗਈ ਹੈ। ਉਨ੍ਹਾਂ ਮੰਨਿਆ ਕਿ ਲੰਘੇ ਛੇ ਦਿਨਾਂ ਤੋਂ ਕੰਮ ਬੰਦ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇੱਥੇ ਦੋ ਵੱਖ ਵੱਖ ਨਿਰਮਾਣ ਕੰਪਨੀਆਂ ਕੰਮ ਕਰ ਰਹੀਆਂ ਹਨ। ਇਕ ਕੰਪਨੀ ਨੇ ਟਿੱਪਰ, ਟਰੱਕ ਤੇ ਮਸ਼ੀਨਰੀ ਚਾਲਕਾਂ ਨੂੰ ਤਨਖਾਹ ਦੇ ਦਿੱਤੀ ਹੈ, ਜਦੋਂ ਕਿ ਦੂਸਰੀ ਕੰਪਨੀ ਦੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਇੱਕ ਟਿੱਪਰ/ਟਰੱਕ ਚਾਲਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਸ ਸਮੇਤ ਹੋਰਨਾਂ ਨੇ ਤਨਖਾਹਾਂ ਦੀ ਮੰਗ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਰੋਸ ਪ੍ਰਦਰਸ਼ਨ ਕੀਤਾ, ਪਰ ਨਿਰਮਾਣ ਕੰਪਨੀ ਤਨਖਾਹਾਂ ਦੇ ਸੰਤੋਸ਼ਜਨਕ ਪੈਸੇ ਨਹੀਂ ਦਿੰਦੀਆਂ। ਠੇਕੇਦਾਰਾਂ ਵੱਲੋਂ ਸਿਰਫ਼ ਲਾਰੇ ਹੀ ਲਾਏ ਜਾਂਦੇ ਹਨ। ਇਕ ਹੋਰ ਚਾਲਕ ਨੇ ਦੱਸਿਆ ਕਿ ਹੁਣ ਤਾਂ ਕਈ ਚਾਲਕਾਂ ਦੇ ਘਰਾਂ ’ਚ ਰੋਟੀ ਬਣਾਉਣੀ ਔਖੀ ਹੋ ਗਈ ਹੈ। ਇਸ ਲਈ ਸਲਾਹ ਕਰ ਕੇ ਲੰਘੇ ਪੰਜ ਦਿਨਾਂ ਤੋਂ ਟਿੱਪਰ/ਟਰੱਕ ਬੰਦ ਕਰ ਦਿੱਤੇ ਗਏ ਹਨ। ਐਸਡੀਐਮ ਸ੍ਰੀ ਢਿੱਲੋਂ ਨੇ ਮਾਮਲੇ ਨੂੰ ਜਲਦੀ ਸੁਲਝਾ ਲਏ ਜਾਣ ਦਾ ਭਰੋਸਾ ਜਤਾਇਆ ਹੈ।
World ਕਰਤਾਰਪੁਰ ਲਾਂਘੇ ਦਾ ਕੰਮ ਰੁਕਿਆ