ਭਾਰਤ-ਪਾਕਿਸਤਾਨ ਦੇ ਸਿਖਰਲੇ ਅਧਿਕਾਰੀਆਂ ਦੀ ਕਰਤਾਰਪੁਰ ਲਾਂਘਾ ਚਾਲੂ ਕਰਨ ਸਬੰਧੀ ਕਰਾਰ ਨੂੰ ਅੰਤਿਮ ਰੂਪ ਦੇਣ ਸਬੰਧੀ 23 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਟਲ ਗਈ ਹੈ। ਸੂਤਰਾਂ ਮੁਤਾਬਕ ਸਿਖਰਲੇ ਅਧਿਕਾਰੀਆਂ ਦੇ ਹੁਕਮ ਮਿਲਣ ’ਤੇ ਹੀ ਹੁਣ ਅਗਲੀ ਮੀਟਿੰਗ ਹੋਵੇਗੀ। ਉਧਰ ਖ਼ਬਰ ਏਜੰਸੀ ਪੀਟੀਆਈ ਨੇ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਕੁਝ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਉਪਰੋਕਤ ਮੀਟਿੰਗ ਹੁਣ ਇਕ ਦਿਨ ਪੱਛੜ ਕੇ 24 ਅਕਤੂਬਰ ਨੂੰ ਹੋ ਸਕਦੀ ਹੈ। ਕਾਬਿਲੇਗੌਰ ਹੈ ਕਿ ਵਿਦੇਸ਼ ਮੰਤਰਾਲੇ ਨੇ ਲੰਘੇ ਦਿਨ ਇਕ ਬਿਆਨ ਵਿਚ ਕਿਹਾ ਸੀ ਕਿ ਉਹ ਕਰਤਾਰਪੁਰ ਲਾਂਘੇ ਸਬੰਧੀ ਕਰਾਰ ਸਹੀਬੰਦ ਕਰਨ ਲਈ ਤਿਆਰ ਹੈ। ਮੰਤਰਾਲੇ ਨੇ ਬਿਆਨ ਵਿੱਚ ਸ਼ਰਧਾਲੂਆਂ ਤੋਂ 20 ਡਾਲਰ ਸੇਵਾ ਫੀਸ ਵਜੋਂ ਵਸੂਲੇ ਜਾਣ ’ਤੇ ਵੀ ਉਜਰ ਜਤਾਇਆ ਸੀ।
ਦੋਵਾਂ ਮੁਲਕਾਂ ਦੇ ਸਿਖਰਲੇ ਅਧਿਕਾਰੀਆਂ ਦੀ ਇਸ ਤਜਵੀਜ਼ਤ ਮੀਟਿੰਗ ਦੌਰਾਨ ਪਾਕਿਸਤਾਨ ਸਰਕਾਰ ਵੱਲੋਂ ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ 20 ਅਮਰੀਕੀ ਡਾਲਰ ਪ੍ਰਤੀ ਸ਼ਰਧਾਲੂ ਵਸੂਲੇ ਜਾਣ ਦੇ ਫੈਸਲੇ ’ਤੇ ਮੁੜ ਨਜ਼ਰਸਾਨੀ ਸਮੇਤ ਸਮਝੌਤੇ ਦੀਆਂ ਹੋਰਨਾਂ ਸ਼ਰਤਾਂ ’ਤੇ ਵਿਚਾਰ ਚਰਚਾ ਮਗਰੋਂ ਇਸ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। ਸੂਤਰ ਮੁਤਾਬਕ ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਹੋਵੇਗੀ, ਜਿਸ ਵਿੱਚ ਕਰਤਾਰਪੁਰ ਲਾਂਘੇ ਸਮੇਤ ਹੋਰਾਂ ਪੱਖਾਂ ’ਤੇ ਚਰਚਾ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਅਥਾਰਿਟੀ ਦੇ ਚੇਅਰਮੈਨ ਤੇ ਗ੍ਰਹਿ ਮੰਤਰਾਲੇ ’ਚ ਸਕੱਤਰ ਗੋਵਿੰਦ ਮੋਹਨ ਕਰਨਗੇ। ਸਮਝਿਆ ਜਾ ਰਿਹਾ ਹੈ ਕਿ ਭਲਕ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੰਬਰ ਦੇ ਪਹਿਲੇ ਹਫ਼ਤੇ ਕਰਤਾਰਪੁਰ ਲਾਂਘੇ ਦੇ ਰਸਮੀ ਉਦਘਾਟਨ ਦੀਆਂ ਅਗਾਊਂ ਤਿਆਰੀਆਂ ’ਤੇ ਚਰਚਾ ਹੋਵੇਗੀ।
ਇਸ ਤੋਂ ਪਹਿਲਾਂ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਦੀ ਅੱਜ ਕੌਮਾਂਤਰੀ ਸੀਮਾ ਨੇੜੇ ਬਣ ਰਹੇ ਕੌਰੀਡੋਰ ’ਤੇ ਮੀਟਿੰਗ ਹੋਈ। ਮੀਟਿੰਗ ਵਿੱਚ ਅਥਾਰਿਟੀ ਮੈਂਬਰ ਅਖਿਲ ਸਕਸੈਨਾ ਅਤੇ ਪ੍ਰਾਜੈਕਟ ਦੇ ਤਕਨੀਕੀ ਡਾਇਰੈਕਟਰ ਆਰ. ਕੇ. ਸ਼ਰਮਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਅਧਿਕਾਰੀਆਂ ਨੇ ਭਲਕ ਦੀ ਮੀਟਿੰਗ, ਜਿਸ ਗ੍ਰਹਿ ਮੰਤਰਾਲੇ ਦੇ ਸਕੱਤਰ ਅਤੇ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਬਿੰਦ ਮੋਹਨ ਸ਼ਾਮਲ ਹੋਣਗੇ, ਵਿੱਚ ਰੱਖੇ ਜਾਣ ਵਾਲੇ ਮੁੱਦਿਆਂ ਬਾਰੇ ਚਰਚਾ ਕੀਤੀ। ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦੇ ਕੁਝ ਕੰਮਾਂ ਨੂੰ ਅੰਤਿਮ ਛੋਹਾਂ ਦੇਣ ਲਈ ਤਕਨੀਕੀ ਮਾਹਿਰ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਇਸ ਦੌਰਾਨ ਕੌਮਾਂਤਰੀ ਸਰਹੱਦ ’ਤੇ ਅੱਜ ਤਿੰਨ ਸੌ ਫੁੱਟ ਉੱਚਾ ਟਾਵਰ ਲਗਾਇਆ ਗਿਆ, ਜਿਸ ’ਤੇ ਆਉਂਦੇ ਦਿਨਾਂ ਵਿੱਚ ਕੌਮੀ ਝੰਡਾ ਲਹਿਰਾਏਗਾ। ਇਸ ਕੌਮੀ ਝੰਡੇ ਨੂੰ ਕੁਝ ਕਿਲੋਮੀਟਰ ਤੋਂ ਸਾਫ਼ ਦੇਖਿਆ ਜਾ ਸਕੇਗਾ। ਉਧਰ ਵੱਖ-ਵੱਖ ਸੁਰੱਖਿਆ ਏਜੰਸੀਆਂ ਅਤੇ ਸੂਹੀਆ ਤੰਤਰ ਵੀ ਸਰਗਰਮ ਹੋ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਸ਼ਰਧਾਲੂ ਸਰਹੱਦ ’ਤੇ ਪਹੁੰਚ ਕੇ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ। ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਪ੍ਰਧਾਨ ਤੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਅਗਲੇ ਦਿਨਾਂ ਵਿੱਚ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਇਤਿਹਾਸਕ ਕਦਮ ਦੱਸਿਆ। ਉਨ੍ਹਾਂ ਆਸ ਜਤਾਈ ਕਿ ਆਉਂਦੇ ਸਮੇਂ ਵਿੱਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜਬੂਤ ਹੋਣਗੇ।
HOME ਕਰਤਾਰਪੁਰ ਲਾਂਘਾ: ਸਮਝੌਤੇ ਸਬੰਧੀ ਮੀਟਿੰਗ ਟਲੀ