ਕਰਤਾਰਪੁਰ ਲਾਂਘਾ: ਪਾਕਿਸਤਾਨ ਨੇ ਲਾਈਆਂ ਸ਼ਰਤਾਂ

ਭਾਰਤ ਦੀਆਂ ਪੇਸ਼ਕਸ਼ਾਂ ਦਾ ਵਿਰੋਧ, ਭਾਰਤ ਤੈਅਸ਼ੁਦਾ ਸਮੇਂ ਅੰਦਰ ਲਾਂਘੇ ਦੀ ਉਸਾਰੀ ਮੁਕੰਮਲ ਕਰਨ ਲਈ ਵਚਨਬੱਧ

ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਚਾਲੂ ਕਰਨ ਲਈ ਕਈ ਸ਼ਰਤਾਂ ਲਾ ਦਿੱਤੀਆਂ ਹਨ ਅਤੇ ਭਾਰਤ ਵੱਲੋਂ ਪੇਸ਼ ਕੀਤੀਆਂ ਸਾਰੀਆਂ ਪੇਸ਼ਕਸ਼ਾਂ ਜਿਨ੍ਹਾਂ ਵਿੱਚ ਲਾਂਘਾ ਸਿੱਖ ਸ਼ਰਧਾਲੂਆਂ ਲਈ ਸਾਰਾ ਸਾਲ ਖੋਲ੍ਹਣ ਦੀ ਤਜ਼ਵੀਜ ਵੀ ਸ਼ਾਮਲ ਹੈ, ਦਾ ਵਿਰੋਧ ਕੀਤਾ ਹੈ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਅੱਜ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਜਾਂ ਤਾਂ ਸ਼ਰਤਾਂ ਲਾ ਰਿਹਾ ਹੈ ਜਾਂ ਫਿਰ ਭਾਰਤ ਵੱਲੋਂ ਪੇਸ਼ ਕੀਤਆਂ ਜਾਂਦੀਆਂ ਤਜ਼ਵੀਜਾਂ ਦਾ ਵਿਰੋਧ ਕਰਦਾ ਹੈ। ਪਾਕਿਸਤਾਨ ਦੇ ਅਧਿਕਾਰੀ ਇਸ ਗੱਲ ਉੱਤੇ ਜ਼ੋਰ ਦੇ ਰਹੇ ਹਨ ਕਿ ਇੱਕ ਦਿਨ ਵਿੱਚ ਸਿਰਫ਼ ਸੱਤ ਸੌ ਸ਼ਰਧਾਲੂਆਂ ਨੂੰ ਹੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦਾ ਆਖ਼ਰੀ ਸਮਾਂ ਬਤੀਤ ਕੀਤਾ ਸੀ ਅਤੇ ਉਨ੍ਹਾਂ ਪ੍ਰਤੀ ਹਰ ਧਰਮ ਦੇ ਲੋਕਾਂ ਦੀ ਅਥਾਹ ਸ਼ਰਧਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੀ ਸ਼ਰਤ ਹੈ ਕਿ ਸ਼ਰਧਾਲੂ ਵਿਸ਼ੇਸ਼ ਪਰਮਿਟ ਲੈ ਕੇ ਆਉਣ ਅਤੇ ਵੀਜ਼ਾ ਫੀਸ ਵੀ ਅਦਾ ਕਰਨ ਜਦੋਂ ਕਿ ਭਾਰਤ ਚਾਹੁੰਦਾ ਹੈ ਕਿ ਇਹ ਯਾਤਰਾ ਵੀਜ਼ੇ ਤੋਂ ਬਿਨਾਂ ਅਤੇ ਬਿਨਾਂ ਫੀਸ ਦੇ ਹੀ ਹੋਣੀ ਚਾਹੀਦੀ ਹੈ। ਭਾਰਤ ਦੇ ਅਧਿਕਾਰੀਆਂ ਨੇ ਇਹ ਤਜ਼ਵੀਜ ਰੱਖੀ ਹੈ ਕਿ ਨਾ ਸਿਰਫ ਭਾਰਤੀ ਸ਼ਰਧਾਲੂਆਂ ਸਗੋਂ ਵਿਦੇਸ਼ ਤੋਂ ਆਉਣ ਵਾਲੇ ਭਾਰਤੀ ਕਾਰਡ ਵਾਲੇ ਸ਼ਰਧਾਲੂਆਂ ਨੂੰ ਵੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਭਾਰਤ ਚਾਹੁੰਦਾ ਹੈ ਕਿ ਲਾਂਘਾ ਹਫ਼ਤੇ ਵਿੱਚ ਸੱਤ ਦਿਨ ਅਤੇ ਸਾਰਾ ਸਾਲ ਖੁੱਲ੍ਹਾ ਰਹਿਣਾ ਚਾਹੀਦਾ ਹੈ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਲਾਂਘਾ ਵਿਸ਼ੇਸ਼ ਤੈਅ ਦਿਨਾਂ ਉੱਤੇ ਹੀ ਖੁੱਲ੍ਹਣਾ ਚਾਹੀਦਾ ਹੈ। ਭਾਰਤ ਦੀ ਤਜ਼ਵੀਜ ਹੈ ਕਿ ਰੋਜ਼ਾਨਾਂ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਗਿਣਤੀ ਸੱਤ ਸੌ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਵਿਸ਼ੇਸ਼ ਦਿਨਾਂ ਉੱਤੇ ਦਸ ਹਜ਼ਾਰ ਤੱਕ ਸ਼ਰਧਾਲੂ ਭੇਜਣ ਦੀ ਤਜ਼ਵੀਜ ਵੀ ਪਾਕਿਸਤਾਨ ਨੇ ਨਹੀਂ ਮੰਨੀ। ਭਾਰਤ ਨੇ ਤਜ਼ਵੀਜ ਦਿੱਤੀ ਸੀ ਕਿ ਦਰਸ਼ਨ ਕਰਨ ਜਾਣ ਲਈ ਸ਼ਰਧਾਲੂਆਂ ਨੂੰ ਵਿਅਕਤੀਗਤ ਅਤੇ ਜਥਿਆਂ ਦੋਵਾਂ ਰੂਪਾਂ ਵਿੱਚ ਹੀ ਆਗਿਆ ਦਿੱਤੀ ਜਾਵੇ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਵਿਅਕਤੀਗਤ ਤੌਰ ਉੱਤੇ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਜੱਥਾ ਵੀ ਘੱਟੋ ਘੱਟ 15 ਵਿਅਕਤੀਆਂ ਦਾ ਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਭਾਰਤ ਦੀ ਰਾਵੀ ਦਰਿਆ ਉਤੇ ਪੁਲ ਉਸਾਰਨ ਦੀ ਤਜ਼ਵੀਜ ਨਾਲ ਵੀ ਸਹਿਮਤ ਨਹੀਂ ਹੈ ਅਤੇ ਨਾ ਹੀ ਭਾਰਤ ਦੇ ਵੱਲੋਂ ਸ਼ਰਧਾਲੂਆਂ ਦੀ ਪੈਦਲ ਜਾਣ ਦੀ ਤਜ਼ਵੀਜ ਬਾਰੇ ਉਸ ਵੱਲੋਂ ਕੋਈ ਹੁੰਗਾਰਾ ਭੇਜਿਆ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਵੇਂ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਪ੍ਰਤੀ ਨਾਮਿਲਵਰਤਨ ਵਾਲੀ ਨੀਤੀ ਅਪਣਾਈ ਜਾ ਰਹੀ ਹੈ ਪਰ ਫਿਰ ਵੀ ਭਾਰਤ ਲਾਂਘੇ ਦੀ ਉਸਾਰੀ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਤੈਅਸ਼ੁਦਾ ਤਰੀਕ 12 ਨਵੰਬਰ 2019 ਤੋਂ ਪਹਿਲਾਂ ਲਾਂਘਾ ਤਿਆਰ ਕਰਨ ਲਈ ਵਚਨਬੱਧ ਹੈ। ਲਾਂਘੇ ਦੀ ਉਸਾਰੀ ਲਈ ਕੁੱਲ 53 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ ਅਤੇ ਹੁਣ ਤੱਕ 45 ਫੀਸਦੀ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਅਨੁਸਾਰ ਫੋਰਲੇਨ ਹਾਈਵੇ ਦਾ ਕਾਰਜ 30 ਸਤੰਬਰ 2019 ਤੱਕ ਮੁਕੰਮਲ ਕਰ ਲਿਆ ਜਾਵੇਗਾ।

Previous articleIran row: US denies evacution of personnel from Iraq
Next articleਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਦੀ ਨਾਭਾ ਜੇਲ੍ਹ ’ਚ ਹੱਤਿਆ