ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਕਰਤਾਰਪੁਰ ਲਾਂਘਾ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਲੀ ‘ਦੁਸ਼ਮਣੀ’ ਨੂੰ ਮਿਟਾਉਂਦਿਆਂ ਦੋਵਾਂ ਮੁਲਕਾਂ ਦਰਮਿਆਨ ਅਮਨ ਤੇ ਸ਼ਾਂਤੀ ਵਧਾਏਗਾ, ਉਥੇ ਇਸ ਨਵੀਂ ਪਹਿਲਕਦਮੀ ਨਾਲ ਕ੍ਰਿਕਟ ਸਬੰਧਾਂ ਦੀ ਬਹਾਲੀ ਵੀ ਹੋਵੇਗੀ। ਪਾਕਿਸਤਾਨੀ ਥਲ ਸੈਨਾ ਮੁਖੀ ਕਾਮਰ ਜਾਵੇਦ ਬਾਜਵਾ ਨੂੰ ਪਾਈ ‘ਜੱਫੀ’ ਲਈ ਹੋਈ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਇਹ ਕੋਈ ‘ਰਾਫ਼ੇਲ ਕਰਾਰ ਨਹੀਂ’ ਬਲਕਿ ਸਿਰਫ਼ ਇਕ ‘ਜੱਫੀ’ ਸੀ। ਪੰਜਾਬ ਵਿੱਚ ਇਹ ਆਮ(ਜੱਫੀ) ਹੈ, ਜਦੋਂ ਦੋ ਪੰਜਾਬੀ ਮਿਲਦੇ ਹਨ ਤਾਂ ਉਹ ਇਕ ਦੂਜੇ ਦਾ ਸ਼ੁਕਰੀਆ ਕਰਨ ਲਈ ਗਲਵੱਕੜੀ ਪਾਉਂਦੇ ਹਨ। ਇਹ ਪ੍ਰੇਮ ਤੇ ਗਰਮਜੋਸ਼ੀ ਵਿਖਾਉਣ ਦਾ ਜ਼ਰੀੲਾ ਹੈ। ਭਾਰਤੀ ਪੱਤਰਕਾਰਾਂ ਦੇ ਸਮੂਹ ਨਾਲ ਅਟਾਰੀ-ਵਾਹਗਾ ਸਰਹੱਦ ਰਸਤੇ ਅੱਜ ਲਾਹੌਰ ਪੁੱਜੇ ਸ੍ਰੀ ਸਿੱਧੂ ਨੇ ਇਹ ਪ੍ਰਗਟਾਵਾ ਇਥੇ ਪਾਕਿਸਤਾਨੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ। ਸ੍ਰੀ ਸਿੱਧੂ ਲਾਹੌਰ ਤੋਂ 120 ਕਿਲੋਮੀਟਰ ਦੂਰ ਨਾਰੋਵਾਲ ਵਿਖੇ ਭਲਕੇ ਕਰਤਾਰਪੁਰ ਲਾਂਘੇ ਲਈ ਰੱਖੇ ਜਾਣ ਵਾਲੇ ਨੀਂਹ ਪੱਥਰ ਸਮਾਗਮ ਲਈ ਮਿਲੇ ਵਿਸ਼ੇਸ਼ ਸੱਦੇ ਤਹਿਤ ਇਥੇ ਪੁੱਜੇ ਹਨ। ਚਾਰ ਕਿਲੋਮੀਟਰ ਲੰਮਾ ਇਹ ਲਾਂਘਾ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੋੜੇਗਾ। ਇਸ ਲਾਂਘੇ ਰਾਹੀਂ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰੇ ਤਕ ਵੀਜ਼ਾ ਮੁਕਤ ਰਸਾਈ ਮਿਲੇਗੀ। ਲਾਂਘੇ ਦਾ ਨੀਂਹ ਪੱਥਰ ਰੱਖਣ ਦੀ ਰਸਮ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਲਕੇ 28 ਨਵੰਬਰ ਨੂੰ ਨਿਭਾਉਣਗੇ। ਸ੍ਰੀ ਸਿੱਧੂ ਨੇ ਲਾਂਘੇ ਲਈ ਇਮਰਾਨ ਖ਼ਾਨ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਵਿਚਲੀ ਦੁਸ਼ਮਣੀ ਮਿਟੇਗੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਇਮਰਾਨ ਖ਼ਾਨ ਨੇ ਤਿੰਨ ਮਹੀਨੇ ਪਹਿਲਾਂ ਜਿਹੜਾ ਬੀਜ ਬੀਜਿਆ ਸੀ, ਉਹ ਹੁਣ ਪੌਦਾ ਬਣ ਗਿਆ ਹੈ। ਸਿੱਖ ਭਾਈਚਾਰੇ ਲਈ ਇਹ ਖ਼ੁਸ਼ੀ ਦਾ ਮੌਕਾ ਹੈ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਰਤਾਰਪੁਰ ਪੁੱਜ ਕੇ ਬਾਬਾ ਗੁਰੂ ਨਾਨਕ ਦੇਵ ਦਾ ਅਸ਼ੀਰਵਾਦ ਹਾਸਲ ਕਰਨ ਲਈ ਲਾਂਘਾ ਮਿਲ ਰਿਹਾ ਹੈ। ਲਾਂਘਾ ਖੁੱਲ੍ਹਣ ਨਾਲ 73 ਸਾਲਾਂ ਦੀ ਉਡੀਕ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕ੍ਰਿਕਟ ਸਬੰਧਾਂ ਦੀ ਬਹਾਲੀ ਸਮੇਤ ਇਸ ਲਾਂਘੇ ’ਚ ਅਸੀਮ ਸੰਭਾਵਨਾਵਾਂ ਹਨ ਤੇ ਅਜਿਹੀ ਪਹਿਲਕਦਮੀ ਨਾਲ ਦੋਵਾਂ ਮੁਲਕਾਂ ’ਚ ਅਮਨ ਸ਼ਾਂਤੀ ਵਧੇਗੀ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੇ ਕਿਹਾ ਕਿ ਧਰਮ ਨੂੰ ਸਿਆਸਤ ਦੇ ਚਸ਼ਮੇ ’ਚੋਂ ਨਾ ਵੇਖਿਆ ਜਾਵੇ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਅਜਿਹਾ ਕੋਈ ਨੇਮ ਨਹੀਂ ਹੈ ਜੋਂ ਧਾਰਮਿਕ ਸ਼ਰਧਾਲੂਆਂ ਨੂੰ ਇਬਾਦਤ ਵਾਲੀ ਥਾਂ ਦੇ ਦਰਸ਼ਨ ਕਰਨ ਤੋਂ ਰੋਕਦਾ ਹੋਵੇ। ਅਗਸਤ ਵਿੱਚ ਇਮਰਾਨ ਖ਼ਾਨ ਦੇ ਹਲਫ਼ਦਾਰੀ ਸਮਾਗਮ ’ਚ ਸ਼ਿਰਕਤ ਲਈ ਪਾਕਿਸਤਾਨ ਆਉਣ ਦੇ ਫ਼ੈਸਲੇ ਦੀ ਹੋਈ ਨੁਕਤਾਚੀਨੀ ਬਾਰੇ ਪੁੱਛੇ ਸਵਾਲ ਦੇ ਜਵਬ ਵਿੱਚ ਸਿੱਧੂ ਨੇ ਕਿਹਾ, ‘ਮੈਂ ਉਨ੍ਹਾਂ ਨੂੰ ਮੁਆਫ਼ ਕਰਦਾ ਹਾਂ, ਜੋ ਮੇਰੀ ਨੁਕਤਾਚੀਨੀ ਕਰਦੇ ਹਨ।’ ਸਿੱਧੂ ਨੇ ਕਿਹਾ ਕਿ ਉਹ ਨਿੱਕੇ ਹੁੰਦਿਆਂ ਤੋਂ ਇਮਰਾਨ ਖ਼ਾਨ ਦੇ ਪ੍ਰਸ਼ੰਸਕ ਹਨ।
HOME ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਦੀ ‘ਦੁਸ਼ਮਣੀ’ ਮਿਟਾਏਗਾ: ਸਿੱਧੂ