ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ 31 ਅਕਤੂਬਰ ਤੱਕ ਮੁਕੰਮਲ ਕਰਨ ਦੇ ਮਨੋਰਥ ਵਜੋਂ ਵੱਖ-ਵੱਖ ਨਿਰਮਾਣ ਕੰਪਨੀਆ ਹੁਣ ਹੋਰ ਕਾਮੇ ਜਲਦ ਲਗਾ ਰਹੀਆਂ ਹਨ। ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸੀਮਾ ’ਤੇ ਦੌਰਾ ਕੀਤੇ ਜਾਣ ’ਤੇ ਕੁਝ ਅਧਿਕਾਰੀਆਂ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਅਸਲ ’ਚ ਪਾਕਿਸਤਾਨ ਨੇ ਲਾਂਘੇ ਦਾ ਕੰਮ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਸ਼ੁਰੂ ਕਰ ਦਿੱਤਾ ਸੀ ਜਦੋਂਕਿ ਇੱਧਰ ਤਾਂ ਕੁਝ ਮਹੀਨੇ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਹੁਣ ਪਾਕਿਸਤਾਨ ਨਾਲੋਂ ਪੱਛੜ ਜਾਣ ਦੀਆ ਲਗਾਤਾਰ ਖ਼ਬਰਾਂ ਲੱਗਣ ਨਾਲ ‘ਉਪਰੋ’ (ਨਵੀਂ ਦਿੱਲੀ) ਲਗਾਤਾਰ ਦਬਾਅ ਪੈ ਰਿਹਾ ਹੈ ਪਰ ਇਸ ਕਾਰਜ ਨੂੰ ਹੋਰ ਗਤੀ ਦੇਣ ਲਈ ਇੱਥੇ ਹੋਰ ਕਾਮਿਆਂ ਦੀ ਸਖ਼ਤ ਲੋੜ ਹੈ। ਸੋ ਵੱਖ-ਵੱਖ ਨਿਰਮਾਣ ਕੰਪਨੀਆਂ ਦੁਆਰਾ ਆਉਂਦੇ ਦਿਨਾਂ ’ਚ ਹੋਰ ਮਜ਼ਦੂਰ ਬੁਲਾਏ ਜਾਣਗੇ। ਅਧਿਕਾਰੀ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਕਾਮੇ ਪੰਜਾਬ ਤੋਂ ਬਾਹਰਲੇ ਹੋਣਗੇ, ਕਿਉਂਕਿ ਪੰਜਾਬ ’ਚ ਭਾਰੀ ਕੰਮ ਲਈ ਸਥਾਨਕ ਕਾਮੇ ਰਾਜ਼ੀ ਨਹੀਂ ਹੁੰਦੇ। ਸਾਵਣ ਮਹੀਨੇ ’ਚ ਬਰਸਾਤ ਸ਼ੁਰੂ ਹੋਣ ਦੇ ਖ਼ਦਸ਼ਿਆਂ ਕਾਰਨ ਨਿਰਮਾਣ ਕੰਮਾਂ ’ਚ ਰੁਕਾਵਟ ਖੜ੍ਹੀ ਹੋ ਸਕਦੀ ਹੈ, ਕਿਉਂਕਿ ਪਿਛਲੇ ਸਾਲਾਂ ’ਚ ਇਸ ਖੇਤਰ ’ਚ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਵਾਰ ਤਾਂ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੰਡਿਆਲੀ ਤਾਰ ਕੋਲ ਬਣਨ ਵਾਲੇ ਅਹਿਮ ਪੁਲ ਦੀਆਂ ਨੀਹਾਂ ਪਹਿਲਾਂ ਹੀ ਭਰ ਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਵੱਖ-ਵੱਖ ਥਾਵਾਂ ’ਤੇ ਨਿਰਮਾਣ ਕਾਰਜਾਂ ਦਾ ਦੌਰਾ ਕੀਤੇ ਜਾਣ ’ਤੇ ਲਾਂਘੇ ਲਈ ਬਣਾਏ ਜਾ ਰਹੀ ਸੜਕ ’ਤੇ ਮਿੱਟੀ ਨੂੰ ਹਾਲੇ ਪੱਧਰਾ ਹੀ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ ਕੰਮ ਭਾਰਤ ਤੋਂ ਪਹਿਲਾਂ ਸ਼ੁਰੂ ਕੀਤੇ ਜਾਣ ਕਾਰਨ ਹੀ ਹੁਣ ਤੱਕ ਲਗਭਗ 85 ਫ਼ੀਸਦੀ ਸੰਪੂਰਨ ਕਰ ਲਿਆ ਹੈ, ਜਦੋਂਕਿ ਇੱਧਰ ਲਗਭਗ 47 ਫ਼ੀਸਦੀ ਤੱਕ ਹੀ ਪੂਰਾ ਕੀਤਾ ਗਿਆ ਹੈ। ਇਸੇ ਤਰ੍ਹਾਂ ਲਾਂਘੇ ਲਈ ਜ਼ਮੀਨ ਗ੍ਰਹਿਣ ਕਰਨ ਦੇ ਮਾਮਲੇ ’ਤੇ ਜ਼ਮੀਨ ਮਾਲਕ ਕਿਸਾਨਾਂ ਦਾ ਮੁੱਲ ਉਚਿਤ ਨਾ ਮਿਲਣਾ ਤੇ ਕੁਝ ਧਾਰਮਿਕ ਸਥਾਨਾਂ ਦਾ ਲਾਂਘਾ ਕੰਮ ’ਚ ਆਉਣਾ ਵੀ ਸਮੇਂ-ਸਮੇਂ ’ਤੇ ਰੁਕਾਵਟ ਬਣਦਾ ਰਿਹਾ। ਬਾਵਜੂਦ ਇਸ ਦੇ ਨਿਰਮਾਣ ਕੰਪਨੀ ਅਧਿਕਾਰੀ 31 ਅਕਤੂਬਰ ਤੱਕ ਕੰਮ ਮੁਕੰਮਲ ਹੋਣ ਲਈ ਯਤਨਸ਼ੀਲ ਹਨ।
INDIA ਕਰਤਾਰਪੁਰ ਲਾਂਘਾ: ਉਸਾਰੀ ਕੰਪਨੀਆਂ ’ਤੇ ਕੰਮ ਮੁਕੰਮਲ ਕਰਨ ਦਾ ਦਬਾਅ