ਉਪ ਰਾਸ਼ਟਰਪਤੀ ਨੇ ਨੀਂਹ ਪੱਥਰ ਰੱਖਿਆ;
ਕੈਪਟਨ ਨੇ ਪਾਕਿ ਫ਼ੌਜ ਮੁਖੀ ਬਾਜਵਾ ਨੂੰ ਬਾਜ਼ ਆਉਣ ਦੀ ਚਿਤਾਵਨੀ ਦਿੱਤੀ
* ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਐਮ-ਵੀਜ਼ੇ ਦੀ ਤਜਵੀਜ਼ ’ਤੇ ਜ਼ੋਰ
* ਸਾਢੇ ਚਾਰ ਮਹੀਨਿਆਂ ’ਚ ਲਾਂਘੇ ਦਾ ਕੰਮ ਮੁਕੰਮਲ ਹੋਵੇਗਾ
* ਸਰਹੱਦ ’ਤੇ ਵਿਸ਼ਾਲ ‘ਕਰਤਾਰਪੁਰ ਦੁਆਰ’ ਉਸਾਰਿਆ ਜਾਵੇਗਾ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣ ਲਈ ਅੱਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੇਂਦਰੀ ਤੇ ਸੂਬਾਈ ਮੰਤਰੀਆਂ ਦੀ ਹਾਜ਼ਰੀ ਵਿਚ ਇਸ ਲਾਂਘੇ ਲਈ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਰੱਖਣ ਸਮੇਂ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਲਿਆਂਦਾ ਪਵਿੱਤਰ ਜਲ ਛਿੜਕਾਇਆ ਗਿਆ। ਪਾਕਿਸਤਾਨ ਵਾਲੇ ਪਾਸੇ ਇਸ ਲਾਂਘੇ ਦਾ ਨੀਂਹ ਪੱਥਰ 28 ਨਵੰਬਰ ਨੂੰ ਰੱਖਿਆ ਜਾਵੇਗਾ।
ਅੱਜ ਦੇ ਸਮਾਗਮ ਵਿਚ ਗੁਆਂਢੀ ਮੁਲਕ ਪਾਕਿਸਤਾਨ ਨੂੰ ਸਦਭਾਵਨਾ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਤਾਂ ਦਿੱਤਾ ਗਿਆ ਪਰ ਇਹ ਸੰਦੇਸ਼ ਪੰਡਾਲ ਵਿਚ ਹਾਜ਼ਰ ਕਾਂਗਰਸੀਆਂ ਅਤੇ ਅਕਾਲੀ ਆਗੂਆਂ ’ਤੇ ਲਾਗੂ ਨਾ ਹੋ ਸਕਿਆ। ਇਸ ਕਾਰਨ ਸਮਾਗਮ ਵਿਚ ਆਪਸੀ ਸਦਭਾਵਨਾ ਦੀ ਥਾਂ ਸਿਆਸਤ ਵਧੇਰੇ ਭਾਰੂ ਰਹੀ।
ਕਸਬੇ ਦੇ ਪਿੰਡ ਮਾਨ ਵਿਖੇ ਕੌਮੀ ਪੱਧਰੀ ਸਮਾਗਮ ਵਿਚ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਸ਼ਮੂਲੀਅਤ ਕਰਦਿਆਂ ਇਸ ਪ੍ਰਸਤਾਵਿਤ ਲਾਂਘੇ ਨੂੰ ਦੋਵਾਂ ਦੇਸ਼ਾਂ ਵਿਚਾਲੇ ਅਮਨ ਸ਼ਾਂਤੀ ਕਾਇਮ ਕਰਨ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਸਾਂਝਾਂ ਨੂੰ ਉਤਸ਼ਾਹਿਤ ਕਰਨ ਵਾਲਾ ਪੁਲ ਦੱਸਿਆ। ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਪੰਡਾਲ ਵਿਚ ਹਾਜ਼ਰ ਲੋਕਾਂ ਨੂੰ ‘ਸਤਿ ਸ੍ਰੀ ਅਕਾਲ’ ਆਖੀ। ਮਗਰੋਂ ਉਨ੍ਹਾਂ ਆਪਣਾ ਭਾਸ਼ਣ ਅੰਗਰੇਜ਼ੀ ਅਤੇ ਹਿੰਦੀ ਵਿਚ ਦਿੱਤਾ, ਜਿਸ ਦਾ ਉਲਥਾ ਨਾਲ ਨਾਲ ਪੰਜਾਬੀ ਵਿਚ ਕੀਤਾ ਗਿਆ। ਉਨ੍ਹਾਂ ਆਖਿਆ ਕਿ ਅੱਜ ਦਾ ਦਿਨ ਸੰਭਾਵਿਤ ਤਬਦੀਲੀ ਵਾਲਾ ਹੈ ਅਤੇ ਇਹ ਭਾਰਤ ਸਰਕਾਰ ਵੱਲੋਂ ਲਾਂਘਾ ਬਣਾਉਣ ਦੇ ਫ਼ੈਸਲੇ ਨਾਲ ਹੀ ਸੰਭਵ ਹੋ ਸਕਿਆ ਹੈ। ਗੁਆਂਢੀ ਮੁਲਕ ਪਾਕਿਸਤਾਨ ਨੂੰ ਉਨ੍ਹਾਂ ਆਖਿਆ ਕਿ ਉਹ ਵੀ ਸਿੱਖਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਉਸੇ ਭਾਵਨਾ ਨਾਲ ਇਹ ਲਾਂਘਾ ਉਸਾਰੇ। ਸ੍ਰੀ ਨਾਇਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਦੀ ਧਰਤੀ ’ਤੇ ਬਿਤਾਏ ਸਨ ਅਤੇ ਉਨ੍ਹਾਂ ਸਮੁੱਚੀ ਮਾਨਵਤਾ ਨੂੰ ਅਮਨ ਸ਼ਾਂਤੀ, ਆਪਸੀ ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੜ ਚੰਗਾ ਮੌਕਾ ਮਿਲਿਆ ਹੈ ਅਤੇ ਇਹ ਲਾਂਘਾ ਦੋਵਾਂ ਮੁਲਕਾਂ ਤੇ ਅਵਾਮ ਵਿਚਾਲੇ ਪੁਲ ਦਾ ਕੰਮ ਕਰੇਗਾ। ‘ਇਹ ਲਾਂਘਾ ਪੁਰਾਣੀਆਂ ਦਰਾਰਾਂ ਨੂੰ ਭਰੇਗਾ ਅਤੇ ਨਵੀਆਂ ਸਾਂਝਾਂ ਨੂੰ ਉਤਸ਼ਾਹਿਤ ਕਰੇਗਾ।’
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਵਧੇਰੇ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਪਾਕਿਸਤਾਨੀ ਫ਼ੌਜ ਦੇ ਇਸ਼ਾਰੇ ’ਤੇ ਆਈਐਸਆਈ ਭਾਰਤ ਵਿਚ ਖੂਨ ਖ਼ਰਾਬਾ ਕਰਵਾ ਰਹੀ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਪਾਕਿਸਤਾਨ ਦੇ ਸੱਦੇ ਨੂੰ ਇਸ ਲਈ ਠੁਕਰਾਇਆ ਕਿਉਂਕਿ ਪਾਕਿਸਤਾਨੀ ਫ਼ੌਜ ਸਰਹੱਦ ’ਤੇ ਲੁਕਵੇਂ ਹਮਲੇ ਕਰਕੇ ਭਾਰਤੀ ਫ਼ੌਜੀਆਂ ਨੂੰ ਮਾਰ ਰਹੀ ਹੈ। ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੁਝਾਅ ਦਿੱਤਾ ਕਿ ਉਹ ਫ਼ੌਜ ਦੀ ਲਗਾਮ ਕੱਸਣ ਅਤੇ ਲੋਕਾਂ ਵਿਰੁੱਧ ਅਤਿਵਾਦ ਨੂੰ ਤੁਰੰਤ ਖ਼ਤਮ ਕਰਨ। ਅਜਿਹਾ ਨਾ ਹੋਣ ਦੀ ਸੂਰਤ ਵਿਚ ਭਾਰਤ ਵੀ ਸਖ਼ਤ ਪ੍ਰਤੀਕਿਰਿਆ ਕਰ ਸਕਦਾ ਹੈ। ਗ੍ਰਨੇਡ ਹਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਰੱਖਿਆ ਕਰਨਾ ਉਨ੍ਹਾਂ ਦਾ ਮੁੱਢਲਾ ਧਰਮ ਹੈ ਅਤੇ ਉਹ ਇਸ ਨੂੰ ਪੂਰੀ ਤਰ੍ਹਾਂ ਨਿਭਾਉਣਗੇ। ਉਂਜ ਉਨ੍ਹਾਂ ਕਿਹਾ ਕਿ ਉਹ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਵਿਚ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਆਖਿਆ ਕਿ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣ ਵਾਲੇ ਸ਼ਰਧਾਲੂਆਂ ਲਈ ਐਮ ਵੀਜ਼ਾ ਲਾਗੂ ਕੀਤਾ ਜਾਵੇ, ਜਿਸ ਤਹਿਤ ਨਾ ਪਾਸਪੋਰਟ ਅਤੇ ਨਾ ਹੀ ਵੀਜ਼ਾ ਲੈਣ ਦੀ ਲੋੜ ਪਵੇ। ਉਨ੍ਹਾਂ ਸੁਝਾਅ ਰੱਖਿਆ ਕਿ ਪੰਜਾਬ ਸਰਕਾਰ ਸਰਹੱਦ ’ਤੇ ਵਿਸ਼ਾਲ ਗੇਟ ਉਸਾਰੇਗੀ, ਜਿਸ ਨੂੰ ‘ਕਰਤਾਰਪੁਰ ਦਵਾਰ’ ਦਾ ਨਾਂ ਦਿੱਤਾ ਜਾਵੇਗਾ। ਉਨ੍ਹਾਂ ਕਸਬਾ ਕਰਤਾਰਪੁਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਰਤਾਰਪੁਰ ਸਾਹਿਬ ਨਾਲ ਆਪਣੇ ਪੁਰਖਿਆਂ ਦੀ ਸਾਂਝ ਦਾ ਵੀ ਜ਼ਿਕਰ ਕੀਤਾ।
ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਖਿਆ ਕਿ ਇਹ ਲਾਂਘਾ ਉਨ੍ਹਾਂ ਦੇ ਵਿਭਾਗ ਵੱਲੋਂ ਸਾਢੇ ਚਾਰ ਮਹੀਨੇ ਦੇ ਸਮੇਂ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ, ਜਿਸ ਤਹਿਤ ਚਾਰ ਮਾਰਗੀ ਸੜਕ ਦੀ ਉਸਾਰੀ ਕੀਤੀ ਜਾਵੇਗੀ। ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ’ਚ ਨਾਮ ਲਏ ਬਿਨ੍ਹਾਂ ਕੇਂਦਰ ਦੀਆਂ ਪਿਛਲੀਆਂ ਕਾਂਗਰਸੀ ਸਰਕਾਰਾਂ ਨੂੰ ਸਿੱਖ ਵਿਰੋਧੀ ਦੱਸਦਿਆਂ ਨਿਸ਼ਾਨਾ ਬਣਾਇਆ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਨੇ ਕਰਤਾਰਪੁਰ ਲਾਂਘੇ ਦੀ ਸੇਵਾ ਦਾ ਮੌਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਹੈ। ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵੀ ਸ਼ੁਕਰਾਨਾ ਕੀਤਾ, ਜੋ ਦੋ ਦਿਨ ਬਾਅਦ ਇਸ ਲਾਂਘੇ ਲਈ ਨੀਂਹ ਪੱਥਰ ਰੱਖ ਰਹੇ ਹਨ। ਉਨ੍ਹਾਂ ਆਪਸੀ ਕੁੜੱਤਣ ਦੂਰ ਕਰਕੇ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਸ ਲਾਂਘੇ ਲਈ ਯਤਨ ਕਰਨ ਵਾਸਤੇ ਆਖਿਆ।
ਸਮਾਗਮ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਵੀ ਸੰਬੋਧਨ ਕੀਤਾ। ਮੰਚ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਵਿਜੈ ਸਾਂਪਲਾ, ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ, ਸਿੱਖਿਆ ਮੰਤਰੀ ਓ ਪੀ ਸੋਨੀ, ਰਾਣਾ ਗੁਰਮੀਤ ਸਿੰਘ ਸੋਢੀ, ਵਿਜੈ ਇੰਦਰ ਸਿੰਗਲਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਜ਼ਰ ਸਨ। ਵੱਖਰੇ ਮੰਚ ’ਤੇ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਸੰਤ ਸਮਾਜ ਦੇ ਬਾਬਾ ਸਰਬਜੋਤ ਸਿੰਘ ਬੇਦੀ ਆਦਿ ਸ਼ਾਮਲ ਸਨ।