ਇਕ ਵਪਾਰੀ ਦੇ ਦੋ ਮੁੰਡੇ ਸਨ। ਦੋਹੇਂ ਬਹੁਤ ਹੁਸ਼ਿਆਰ ਸਨ। ਉਸਦਾ ਕਾਰੋਬਾਰ ਚੰਗਾ ਚੱਲਦਾ ਸੀ। ਵੇਹਲੇ ਸਮੇਂ ਉਹ ਆਪਣੇ ਮੁੰਡਿਆਂ ਨੂੰ ਕਹਿੰਦਾ, “ਪੁੱਤਰੋ, ਵਪਾਰ ਸੱਚ ਨਾਲ ਨਹੀਂ ਚੱਲਦਾ, ਕਮਾਈ ਤਾਂ ਝੂਠ ਨਾਲ ਹੀ ਚੱਲਦੀ ਹੈ ਜੇਕਰ ਵਪਾਰ ਵਧਾਉਣਾ ਹੈ ਤਾਂ ਝੂਠ ਤੋਂ ਪਰਹੇਜ਼ ਨਾ ਕਰੋ।”
ਬਾਪੂ ! ਵਪਾਰ ਝੂਠ ਨਾਲ ਚੱਲਦਾ ਹੋਵੇ ਪਰ ਦੁਨੀਆਂ ਤਾਂ ਸੱਚ ਨਾਲ ਹੀ ਚੱਲ ਰਹੀ ਹੈ .. . . ਜੇਕਰ ਥੋੜੇ ਬਹੁਤ ਸੱਚ ਬੋਲਣ ਵਾਲੇ ਅਤੇ ਚੰਗੇ ਕਰਮ ਕਰਨ ਵਾਲੇ ਨਾ ਹੁੰਦੇ ਤਾਂ ਤੁਹਾਡੇ ਵਰਗੇ ਚੋਰ, ਲੁਟੇਰੇ ਕਦੋਂ ਦੇ ਡੁੱਬ ਗਏ ਹੁੰਦੇ। ਧਾਰਮਕ ਪ੍ਰਵਿਰਤੀ ਰੱਖਣ ਵਾਲੇ ਮੁੰਡੇ ਦੀ ਗੱਲ ਸੁਣਕੇ ਵਪਾਰੀ ਪਿਓ ਮੱਥੇ ਤਿਉੜੀਆਂ ਪਾ ਲੈਂਦਾ।
ਕੁਝ ਸਮੇਂ ਬਾਅਦ ਵਪਾਰੀ ਪਿਓ ਸਵਰਗ ਸਿਧਾਰ ਗਿਆ। ਛੋਟੇ ਮੁੰਡੇ ਨੇ ਪਿਓ ਵੱਲੋਂ ਦੱਸੀ ਲੀਹ ਫੜ ਬਹੁਤ ਧਨ ਦੌਲਤ ਇਕੱਠੀ ਕਰ ਲਈ। ਵੱਡੇ ਮੰਡੇ ਨੇ ਮੁਸ਼ਕਿਲਾਂ ਨਾਲ ਪੈਸੇ ਜੋੜ ਕੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ। ਉਹ ਵੱਡੀ ਨੌਕਰੀ ਹਾਸਲ ਕਰਕੇ ਵਿਦੇਸ਼ ਚਲੇ ਗਏ। ਛੋਟੇ ਦੇ ਬੱਚੇ ਪੜ੍ਹ ਲਿਖ ਨਾ ਸਕੇ । ਉਹ ਆਪਸ ਚ ਪੈਸਿਆਂ ਅਤੇ ਜਮੀਨ ਜਾਇਦਾਦ ਦੇ ਲਈ ਲੜਦੇ ਮਰਦੇ ਰਹੇ। ਵੱਡਾ ਭਰਾ ਕਲੇਸ਼ ਦੇ ਚੱਲਦਿਆਂ ਆਤਮਹੱਤਿਆ ਕਰਨ ਦੀਆਂ ਤਰਕੀਬਾਂ ਸੋਚਦਾ ਰਹਿੰਦਾ। ਅੱਜ ਝੂਠ ਤੇ ਸੱਚ ਦੀ ਕਮਾਈ ਦਾ ਫਰਕ ਦੋਹਾਂ ਸਾਹਮਣੇ ਸਪਸ਼ਟ ਦਿਖਾਈ ਦੇ ਰਿਹਾ ਸੀ।
ਹਰਪ੍ਰੀਤ ਸਿੰਘ
ਸਾਬਕਾ ਡੀ .ਓ 174ਮਿਲਟਰੀ
ਮੇਨ ਏਅਰ ਫੋਰਸ ਰੋਡ,ਬਠਿੰਡਾ