ਕਮਲਨਾਥ ਸਰਕਾਰ ‘ਅੰਕ ਗਣਿਤ’ ਵਿੱਚ ਉਲਝੀ

ਕਮਲਨਾਥ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ‘ਅੰਕ ਗਣਿਤ’ ’ਚ ਉਲਝ ਗਈ ਹੈ। ਸਰਕਾਰ ਦੇ ਭਵਿੱਖ ਅਸਤੀਫ਼ਾ ਦੇ ਚੁੱਕੇ 22 ਵਿਧਾਇਕਾਂ ਦੇ ਹੱਥਾਂ ਟਿਕਿਆ ਹੋਇਆ ਹੈ ਜੋ ਸਰਕਾਰ ਨੂੰ ਬਚਾਅ ਜਾਂ ਪਟਖਣੀ ਦੇ ਸਕਦੇ ਹਨ। ਇਸੇ ਦੌਰਾਨ ਅੱਜ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵੱਲੋਂ ਕਾਂਗਰਸ ਦੇ 7 ਬਾਗ਼ੀ ਵਿਧਾਇਕਾਂ ਨੂੰ ਨੋਟਿਸ ਦੇ ਕੇ ਅਸਤੀਫ਼ਿਆਂ ’ਤੇ ਚਰਚਾ ਕਰਨ ਲਈ ਤਲਬ ਕਰ ਲਿਆ ਗਿਆ ਹੈ। ਸ਼ੁੱਕਰਵਾਰ ਛੇ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਹ ਸਪੀਕਰ ਸਾਹਮਣੇ ਪੇਸ਼ ਨਹੀਂ ਹੋਏ।
ਕਮਲਨਾਥ ਸਰਕਾਰ ’ਤੇ ਪਿਛਲੇ ਇੱਕ ਹਫ਼ਤੇ ਤੋਂ ਸੰਕਟ ’ਚ ਹੈ ਜੋ ਕਿ 22 ਵਿਧਾਇਕਾਂ ਦੇ ਬਾਗੀਪੁਣੇ ਨਾਲ ਹੋਰ ਡੂੰਘਾ ਹੋ ਗਿਆ। 19 ਵਿਧਾਇਕ ਬੰਗਲੁਰੂ ’ਚ ਹਨ, ਜਿਨ੍ਹਾਂ ’ਚੋਂ 13 ਨੂੰ ਵਿਧਾਨ ਸਭਾ ਦੇ ਸਪੀਕਰ ਐੱਨ.ਪੀ. ਪਰਜਾਪਤੀ ਵੱਲੋਂ ਪੇਸ਼ ਹੋਣ ਦੇ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਹ ਪੇਸ਼ ਨਹੀਂ ਹੋਏ।
ਸੂਬੇ ਦੀ ਅਸੈਂਬਲੀ ’ਚ ਬਜਟ ਸੈਸ਼ਨ 16 ਮਾਰਚ ਤੋਂ ਸ਼ੁਰੂ ਹੋਣਾ ਹੈ ਜਦਕਿ ਰਾਜ ਸਭਾ ਮੈਂਬਰਾਂ ਲਈ ਚੋਣ 26 ਮਾਰਚ ਨੂੰ ਹੋਣੀ ਹੈ। ਵਿਧਾਨ ਸਭਾ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਭਗਵਾਨ ਦਾਸ ਨੇ ਕਿਹਾ ਕਿ ਸਪੀਕਰ ਨੇ ਵਿਧਾਇਕਾਂ ਨੂੰ ਪੇਸ਼ ਹੋਣ ਦਾ ਮੌਕਾ ਦਿੱਤਾ ਹੈ। ਜਿੱਥੋਂ ਤੱਕ ਰਾਜ ਸਭਾ ਚੋਣਾਂ ਦਾ ਸਵਾਲ ਹੈ, ਜੇਕਰ ਕਾਂਗਰਸ ਵ੍ਹਿਪ ਜਾਰੀ ਕਰਦੀ ਹੈ ਅਤੇ ਵਿਧਾਇਕ ਫਿਰ ਵੀ ਗ਼ੈਰਹਾਜ਼ਰ ਰਹਿੰਦੇ ਹਨ ਤਾਂ ਉਹ ਆਪਣੀ ਮੈਂਬਰਸ਼ਿਪ ਗੁਆ ਸਕਦੇ ਹਨ।

Previous articleਆਸਟਰੇਲੀਆ: ਕਰੋਨਾਵਾਇਰਸ ਦੇ 200 ਕੇਸ, ਤਿੰਨ ਮੌਤਾਂ
Next articleਹਿਮਾਚਲ ’ਚ ਬਰਫ਼ਬਾਰੀ ਨਾਲ ਸੀਤ ਲਹਿਰ ਚੱਲੀ