ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਇਕ ਗਵਾਹ ਮੁਖਤਿਆਰ ਸਿੰਘ ਆਪਣਾ ਬਿਆਨ ਦਰਜ ਕਰਵਾਉਣ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਸਾਹਮਣੇ ਪੇਸ਼ ਹੋਏ। ਦੱਖਣੀ ਦਿੱਲੀ ਦੇ ਖ਼ਾਨ ਮਾਰਕੀਟ ਇਲਾਕੇ ਵਿਚ ਸਥਿਤ ਐੱਸਆਈਟੀ ਦੇ ਦਫ਼ਤਰ ਵਿਚ ਮੁਖਤਿਆਰ ਸਿੰਘ ਪੁੱਜੇ ਤੇ ਘਟਨਾ ਦਾ ਬਿਓਰਾ ਦਿੱਤਾ। ਪਹਿਲੀ ਵਾਰ ਉਹ ਤਿੰਨ ਮੈਂਬਰੀ ਐੱਸਆਈਟੀ ਅੱਗੇ ਪੇਸ਼ ਹੋਏ ਹਨ। ਐੱਸਆਈਟੀ ‘ਚ ਬਿਆਨ ਦਰਜ ਕਰਵਾਉਣ ਪਿੱਛੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਜੋ ਕੁਝ ਕਿਹਾ ਹੈ ਉਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕਰਨਗੇ।
ਸੂਤਰਾਂ ਮੁਤਾਬਕ ਮੁਖਤਿਆਰ ਸਿੰਘ ਨੇ ਐੱਸਆਈਟੀ ਮੈਂਬਰਾਂ ਨੂੰ ਘਟਨਾ ਤੋਂ ਜਾਣੂ ਕਰਵਾਇਆ। ਇਸ ਟੀਮ ‘ਚ ਇਕ ਸੀਨੀਅਰ ਆਈਪੀਐੱਸ ਅਧਿਕਾਰੀ, ਇਕ ਪੁਲਿਸ ਉਪ ਕਮਿਸ਼ਨਰ ਤੇ ਇਕ ਸੇਵਾ ਮੁਕਤ ਜ਼ਿਲ੍ਹਾ ਤੇ ਸੈਸ਼ਨਲ ਜੱਜ ਸ਼ਾਮਲ ਹਨ। ਇਹ ਮਾਮਲਾ ਪਹਿਲੀ ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ‘ਚ ਭੜਕੀ ਭੀੜ ਵੱਲੋਂ ਸਿੱਖਾਂ ਦੀ ਹੱਤਿਆ ਨਾਲ ਸਬੰਧਿਤ ਹੈ। ਨੌਂ ਨਵੰਬਰ ਨੂੰ ਕੇਂਦਰੀ ਗ੍ਹਿ ਮੰਤਰਾਲੇ ਨੇ ਮਾਮਲਾ ਦੁਬਾਰਾ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਮੋਦੀ ਸਰਕਾਰ ਨੇ 2015 ਵਿਚ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਐੱਸਆਈਟੀ ਗਠਿਤ ਕਰ ਦਿੱਤੀ ਸੀ। 31 ਅਕਤੂਬਰ 1984 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਸ਼ੁਰੂ ਹੋ ਗਏ ਸਨ। ਸ਼ੁਰੂ ਵਿਚ ਕਮਲਨਾਥ ਮਾਮਲੇ ‘ਚ ਮੁਲਜ਼ਮ ਸਨ ਪਰ ਅਦਾਲਤ ਨੇ ਉਨਵਾਂ ਵਿਰੁੱਧ ਕੋਈ ਸਬੂਤ ਨਹੀਂ ਪਾਇਆ ਸੀ।
72 ਸਾਲਾ ਕਾਂਗਰਸੀ ਆਗੂ ਤੇ ਨਹਿਰੂ-ਗਾਂਧੀ ਪਰਿਵਾਰ ਦੇ ਭਰੋਸੇਮੰਦ ਮੰਨੇ ਜਾਣ ਵਾਲੇ ਕਮਲਨਾਥ ਸੰਕਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਲੰਡਨ ‘ਚ ਰਹਿਣ ਵਾਲੇ ਪੱਤਰਕਾਰ ਸੰਜੇ ਸੂਰੀ ਨੇ ਵੀ ਮਾਮਲੇ ਵਿਚ ਗਵਾਹੀ ਦੇਣ ਦੀ ਇੱਛਾ ਪ੍ਰਗਟ ਕੀਤੀ ਹੈ। ਸੂਰੀ ਨੇ 15 ਸਤੰਬਰ ਨੂੰ ਐੱਸਆਈਟੀ ਨੂੰ ਪੱਤਰ ਭੇਜ ਕੇ ਪੇਸ਼ ਹੋਣ ਲਈ ਸਮਾਂ ਤੇ ਤਰੀਕ ਤੈਅ ਕਰਨ ਲਈ ਕਿਹਾ ਹੈ। ਸੂਰੀ ਦਾ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵਿਟਰ ‘ਤੇ ਸਾਂਝਾ ਕੀਤਾ ਸੀ।