ਕਬੱਡੀ ਲੀਗ: ਈਗਲਜ਼ ਤੇ ਸਿੰਘ ਵਾਰੀਅਰਜ਼ ਵੱਲੋਂ ਜਿੱਤਾਂ ਦਰਜ

ਕੈਲੀਫੋਰਨੀਆ ਈਗਲਜ਼ ਨੇ ਦਿੱਲੀ ਟਾਈਗਰਜ਼ ਨੂੰ 53-47 ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿੱਚ ਸੱਤਵੀਂ ਜਿੱਤ ਦਰਜ ਕਰਦਿਆਂ ਕੁਲ 21 ਅੰਕਾਂ ਨਾਲ ਸਿਖਰ ’ਤੇ ਕਾਇਮ ਹੈ। ਪੰਜਾਬ ਖੇਤੀਬਾੜੀ ਯੂਨੀਵਰਸਟੀ ਵਿੱਚ ਚੱਲ ਰਹੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੀਗ ਵਿੱਚ ਦਿੱਲੀ ਟਾਈਗਰਜ਼ ਨੂੰ ਤਿੰਨ ਜਿੱਤਾਂ ਤੋਂ ਬਾਅਦ ਹਾਰ ਦਾ ਮੂੰਹ ਵੇਖਣਾ ਪਿਆ। ਦਿੱਲੀ ਦੀ ਇਸ ਲੀਗ ਵਿੱਚ ਇਹ ਪੰਜਵੀਂ ਹਾਰ ਸੀ ਅਤੇ ਉਸ ਕੋਲ ਇਸ ਸਮੇਂ 9 ਅੰਕ ਹਨ। ਦੂਜੇ ਮੈਚ ਵਿੱਚ ਸਿੰਘ ਵਾਰੀਅਰਜ਼ ਪੰਜਾਬ ਨੇ ਬਲੈਕ ਪੈਂਥਰਜ਼ ਨੂੰ 56-51 ਦੇ ਫਰਕ ਨਾਲ ਹਰਾ ਕੇ ਲੀਗ ਵਿੱਚ ਪੰਜਵੀਂ ਜਿੱਤ ਦਰਜ ਕਰਕੇ ਆਪਣੇ ਖਾਤੇ ਵਿੱਚ 15 ਅੰਕ ਜਮ੍ਹਾ ਕਰ ਲਏ ਹਨ।
ਕੈਲੀਫੋਰਨੀਆ ਈਗਲਜ਼ ਨੇ ਮੈਚ ਦੇ ਸ਼ੁਰੂ ਤੋਂ ਹੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਅੱਧੇ ਸਮੇਂ ਤੱਕ ਕੈਲੀਫੋਰਨੀਆ ਈਗਲਜ਼ 26-23 ਨਾਲ ਅੱਗੇ ਸੀ। ਅੱਧੇ ਸਮੇਂ ਬਾਅਦ ਦਿੱਲੀ ਟਾਈਗਰਜ਼ ਦੇ ਰੇਡਰਾਂ ਨੇ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ, ਪਰ ਉਹ ਮੈਚ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਤੈਅ ਸਮੇਂ ਦੀ ਸਮਾਪਤੀ ਤੱਕ ਸਕੋਰ 53-47 ਰਿਹਾ। ਕੈਲੀਫੋਰਨੀਆ ਈਗਲਜ਼ ਦੇ ਨਵਜੋਤ ਸ਼ੰਕਰ ਨੇ 12 ਅਤੇ ਤਾਜਾ ਕਾਲਾਸੰਘਿਆ ਨੇ 10 ਅਂੰਕ ਹਾਸਲ ਕੀਤੇ। ਜਦਕਿ ਦਿੱਲੀ ਵੱਲੋਂ ਕਪਤਾਨ ਪਰਨੀਕ ਨੇ 14 ਅੰਕ, ਸੁੱਖਾ ਮਾਹਲ ਨੇ 15 ਅੰਕ ਹਾਸਲ ਕੀਤੇ। ਦੂਜੇ ਮੈਚ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਮੈਚ ਦੇ ਪਹਿਲੇ ਅੱਧ ਵਿੱਚ ਬਲੈਕ ਪੈਂਥਰਜ਼ 27-25 ਨਾਲ ਅੱਗੇ ਸੀ, ਪਰ ਮੁਕਾਬਲੇ ਦੇ ਦੂਜੇ ਅੱਧ ਵਿੱਚ ਸਿੰਘ ਵਾਰੀਅਰਜ਼ ਦੇ ਰਾਜੂ ਅਤੇ ਮਾਨ ਸਿੰਘ ਨੇ ਬੇਹਤਰੀਨ ਰੇਡਾਂ ਪਾ ਕੇ ਬਲੈਕ ਪੈਂਥਰਜ਼ ਨੂੰ ਹਾਰ ਵੱਲ ਧੱਕ ਦਿੱਤਾ। ਤੈਅ ਸਮੇਂ ਤੱਕ ਸਕੋਰ 56-51 ਅੰਕ ਨਾਲ ਸਿੰਘ ਵਾਰੀਅਰਜ਼ ਪੰਜਾਬ ਦੇ ਹੱਕ ਵਿੱਚ ਰਿਹਾ। ਸਿੰਘ ਵਾਰੀਅਰਜ਼ ਵੱਲੋਂ ਰਾਜੂ ਨੇ 17 ਅਤੇ ਮਾਨ ਸਿੰਘ ਨੇ 13 ਅੰਕ ਹਾਸਲ ਕੀਤੇ, ਜਦਕਿ ਬਲੈਕ ਪੈਂਥਰਜ਼ ਵਲੋਂ ਰੇਸ਼ਮ ਨੇ 10 ਅਤੇ ਜਗਮੋਹਨ ਮੱਖੀ ਨੇ 12 ਅੰਕ ਹਾਸਲ ਕੀਤੇ। ਬਲੈਕ ਪੈਂਥਰਜ਼ ਦੀ ਇਹ ਲੀਗ ਵਿੱਚ ਛੇਵੀਂ ਹਾਰ ਹੈ ਅਤੇ ਉਹ ਤਿੰਨ ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹੈ।

Previous articleਏਅਰ ਇੰਡੀਆ ਨੇ ਬੀਐੱਸਐੱਫ ਨੂੰ ਟੂਰਨਾਮੈਂਟ ’ਚੋਂ ਬਾਹਰ ਕੀਤਾ
Next article‘RISING INDIA IS AT THE HEART OF A CHANGING WORLD ORDER’ SAYS AMBASSADOR JAISHANKAR