ਆਕਲੈਂਡ, ਨਿਊਜ਼ੀਲੈਂਡ ਦੀ ਕਬੱਡੀ ਨੂੰ ਸਮੁੱਚੇ ਸੰਸਾਰ ਵਿਚ ਗੇਟ ਵੇ ਆਫ਼ ਕਬੱਡੀ ਟੂ ਨੈਕਸਟ ਵਰਲਡ (ਭਾਵ ਕਿ ਕੌਮਾਂਤਰੀ ਪਰਵਾਜ਼ ਦੇ ਸਥਾਨ ) ਦੇ ਤੌਰ ਤੇ ਜਾਣਿਆ ਜਾਂਦਾ ਹੈ | ਦੁਨੀਆਂ ਭਰ ਵਿਚ ਸਮੁੱਚੇ ਸਰਬੋਤਮ ਕਬੱਡੀ ਖਿਡਾਰੀਆਂ ਨੇ ਆਪਣੀ ਰੁਪਈਆਂ ਤੋਂ ਡਾਲਰਾਂ ਦੀ ਉਡਾਨ ਨਿਊਜ਼ੀਲੈਂਡ ਦੀ ਧਰਤੀ ਤੋਂ ਭਰੀ ਹੈ | ਜਿਸ ਕਰਕੇ ਇਸ ਮੁਲਕ ਵਿਚ ਕਬੱਡੀ ਨੂੰ ਸੰਚਾਲਿਤ ਕਰਨ ਵਾਲੇ ਅਦਾਰਿਆਂ ਉੱਪਰ ਪੰਜਾਬ ਹੀ ਨਹੀਂ ਸਮੁੱਚੇ ਸੰਸਾਰ ਦੇ ਕਬੱਡੀ ਖਿਡਾਰੀਆਂ ,ਖੇਡ ਪ੍ਰਬੰਧਕਾਂ ਅਤੇ ਕਬੱਡੀ ਪ੍ਰੇਮੀਆਂ ਦੀ ਨਜ਼ਰ ਹੁੰਦੀ ਹੈ | ਨਿਊਜ਼ੀਲੈਂਡ ਵਿਚ ਕਬੱਡੀ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਸੰਸਥਾ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਦੇ ਬੀਤੇ ਹਫ਼ਤੇ ਅਗਲੇ ਸਾਲ ਲਈ ਚੋਣ ਕਰ ਲਈ ਗਈ ਹੈ |
ਸੰਸਥਾ ਦੇ ਮੁੱਖ ਬੁਲਾਰੇ ਅਤੇ ਚੋਣ ਅਧਿਕਾਰੀ ਮਨਜਿੰਦਰ ਸਿੰਘ ਬਾਸੀ ਅਨੁਸਾਰ ਫੈਡਰੇਸ਼ਨ ਨਾਲ ਜੁੜੇ ਤਕਰੀਬਨ ਇੱਕ ਦਰਜਨ ਕਲੱਬਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਤੇਰਾਂ ਮੈਂਬਰੀ ਕਮੇਟੀ ਦੀ ਚੋਣ ਕੀਤੀ ਹੈ | ਜਿਸ ਵਿਚ ਕਸ਼ਮੀਰ ਸਿੰਘ ਹੇਅਰ ਨੂੰ ਸਰਪ੍ਰਸਤ ,ਪਰਮਜੀਤ ਸਿੰਘ ਬੋਲੀਨਾ ਨੂੰ ਚੇਅਰਮੈਨ ,ਇਕਬਾਲ ਸਿੰਘ ਬੋਦਲ ਨੂੰ ਵਾਈਸ ਚੈਅਰਮੈਨ ,ਚਰਨਜੀਤ ਸਿੰਘ ਥਿਆੜਾ (ਹੇਸਟਿੰਗਜ਼) ਨੂੰ ਪ੍ਰਧਾਨ ,ਦਵਿੰਦਰ ਬਬਲੂ (ਹੈਮਿਲਟਨ) ਨੂੰ ਮੀਤ ਪ੍ਰਧਾਨ , ਜਰਨਲ ਸਕੱਤਰ ਦਰਸ਼ਨ ਨਿੱਝਰ , ਸਕੱਤਰ ਦਿਲਾਵਰ ਹਰੀਪੁਰ , ਖਜ਼ਾਨਚੀ ਹਰਜੀਤ ਸਿੰਘ ਰਾਏ ,ਸਹਾਇਕ ਖਜ਼ਾਨਚੀ ਸ਼ਿੰਦਰ ਸਮਰਾ ,ਸਹਾਇਕ ਸਕੱਤਰ ਜਸਕਰਨ ਧਾਲੀਵਾਲ ,ਕਮੇਟੀ ਮੈਂਬਰਾਂ ਵਿਚ ਗੋਪਾ ਬੈਂਸ ਮਾਨਕਢੇਰੀ,ਗੋਲਡੀ ਸਹੋਤਾ ਅਤੇ ਜਗਦੀਪ ਸਿੰਘ ਜੱਜ ਚੁਣੇ ਗਏ ਹਨ |
ਚੁਣੀ ਕਮੇਟੀ ਵਲੋਂ ਇਸ ਮੌਕੇ ਜਿਥੇ ਪਿਛਲੀ ਕਮੇਟੀ ਦਾ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕੀਤਾ | ਓਥੇ ਹੀ ਫੈਡਰੇਸ਼ਨ ਵਲੋਂ ਪੰਜਾਬ ਸਰਕਾਰ ਵਲੋਂ ਕਰਵਾਏ ਵਰਲਡ ਕੱਪ ਤੇ ਖੇਡ ਕੇ ਆਈ ਨਿਊਜ਼ੀਲੈਂਡ ਦੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਾ ਮਤਾ ਵੀ ਸਰਬਸੰਮਤੀ ਦੇ ਨਾਲ ਪਾਸ ਕੀਤਾ | ਇਥੇ ਹੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਚਰਨਜੀਤ ਸਿੰਘ ਥਿਆੜਾ ਨੇ ਵਰਲਡ ਕਬੱਡੀ ਡਰੱਗ ਕੌਂਸਲ (WKDC ) ਦੇ ਨਾਲ ਫੈਡਰੇਸ਼ਨ ਵਲੋਂ ਦਿਖਾਈ ਇੱਕਮੁੱਠਤਾ ਤੇ ਬੋਲਦਿਆਂ ਕਿਹਾ ਕਿ ਜਦੋਂ ਉਕਤ ਸੰਸਥਾ ਦਾ ਨਿਰਮਾਣ ਹੋਇਆ ਸੀ | ਤਦ ਸਮੁੱਚੇ ਸੰਸਾਰ ਵਿਚ ਕਬੱਡੀ ਦੀ ਪ੍ਰਤੀਨਿਧਤਾ ਕਰਦੀਆਂ ਬਾਰਾਂ ਖੇਡ ਫੈਡਰੇਸ਼ਨਾਂ ਵਲੋਂ ਸਹਿਮਤੀ ਦਿੱਤੀ ਗਈ ਸੀ | ਪਰ ਜਿਹਨਾਂ ਵਿਚੋਂ ਕੁਝ ਸੰਸਥਾਵਾਂ ਨੇ ਖਿਸਕਣਾ ਸ਼ੁਰੂ ਕਰ ਦਿੱਤਾ ਹੈ | ਪਰ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਆਪਣੇ ਆਉਣ ਵਾਲੇ ਖੇਡ ਸੀਜ਼ਨ ਲਈ ਪੰਜਾਬ ਤੋਂ ਆਉਣ ਵਾਲੇ ਖਿਡਾਰੀਆਂ ਲਈ ਡੋਪ ਟੈਸਟ ਨੂੰ ਲਾਜ਼ਮੀ ਕਰ ਦਿੱਤਾ ਹੈ | ਉਹਨਾਂ ਅਨੁਸਾਰ ਵਰਲਡ ਕਬੱਡੀ ਡਰੱਗ ਕੌਂਸਲ (WKDC) ਦੀ ਰਹਿਨੁਮਾਈ ਅਧੀਨ ਕੁਇਸਟ ਲੈਬ ਤੋਂ ਪ੍ਰਮਾਣਿਤ ਹੋਣਗੇ | ਉਕਤ ਲੈਬ ਵਲੋਂ ਵਰਲਡ ਕਬੱਡੀ ਡਰੱਗ ਕੌਂਸਲ (WKDC) ਨਾਲ ਇੱਕ ਪਾਰਦਰਸ਼ੀ ਸਮਝੌਤੇ ਤਹਿਤ ਖਿਡਾਰੀਆਂ ਦੇ ਉਕਤ ਡਰੱਗ ਟੈਸਟ ਕਰਵਾਏ ਜਾਣਗੇ |
ਫੈਡਰੇਸ਼ਨ ਮੁਤਾਬਿਕ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਸੰਸਾਰ ਦੀਆਂ ਡਰੱਗ ਮੁਕਤ ਕੁਝ ਚੋਣਵੀਆਂ ਸੰਸਥਾਵਾਂ ਵਿਚ ਸ਼ੁਮਾਰ ਹੋ ਜਾਣ ਵਾਲੀ ਸੰਸਥਾ ਦਾ ਮਾਣ ਹਾਸਿਲ ਕਰ ਲਵੇਗੀ |
ਹਰਜਿੰਦਰ ਛਾਬੜਾ – ਪਤਰਕਾਰ 9592282333