ਜਲੰਧਰ (ਹਰਜਿੰਦਰ ਛਾਬੜਾ) : ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਕਬੱਡੀ ਖਿਡਾਰੀਆਂ ਵਲੋਂ ਬਣਾਈ ਮੇਜਰ ਲੀਗ ਕਬੱਡੀ ਫੈੱਡਰੇਸ਼ਨ, ਜਿਸ ਦੇ ਮੁੱਖ ਸਪਾਂਸਰ ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਹਨ, ਨੇ ਦੱਸਿਆ ਕਿ ਬਾਬਾ ਬਸਤਾ ਸਿੰਘ ਸਪੋਰਟਸ ਕਲੱਬ ਕੈਰੋਂ ਤਹਿਸੀਲ ਪੱਟੀ ਜ਼ਿਲਾ ਤਰਨਤਾਰਨ ਵਿਖੇ 23 ਦਸੰਬਰ ਨੂੰ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵਿਸ਼ਵ ਭਰ ਤੋਂ ਸੁਪਰਸਟਾਰ ਕਬੱਡੀ ਖਿਡਾਰੀ ਹਿੱਸਾ ਲੈਣਗੇ। ਇਹ ਉਕਤ ਫੈੱਡਰੇਸ਼ਨ ਦਾ ਪਹਿਲਾ ਕਬੱਡੀ ਕੱਪ ਹੋਵੇਗਾ, ਜਿਸ ਵਿਚ ਸਾਰੇ ਕਬੱਡੀ ਖਿਡਾਰੀਆਂ ਨੇ ਪ੍ਰਣ ਕੀਤਾ ਕਿ ਕੋਈ ਵੀ ਖਿਡਾਰੀ ਨਾ ਤਾਂ ਖੁਦ ਨਸ਼ਾ ਕਰੇਗਾ ਅਤੇ ਨਾ ਹੀ ਕਿਸੇ ਵੀ ਨਸ਼ਾ ਕਰਨ ਵਾਲੇ ਖਿਡਾਰੀ ਨੂੰ ਖੇਡ ਵਿਚ ਹਿੱਸਾ ਲੈਣ ਦੇਵੇਗਾ।
ਫੈੱਡਰੇਸ਼ਨ ਨੇ ਜਿਹੜਾ ਦਰਸ਼ਕਾਂ ਨਾਲ ਵਾਅਦਾ ਕੀਤਾ ਸੀ ਕਿ ਕਬੱਡੀ ਨੂੰ ਮਿਆਰੀ ਖੇਡ ਬਣਾਉਣ ਦਾ, ਉਹ ਇਸ ਕਬੱਡੀ ਕੱਪ ਵਿਚ ਦੇਖਣ ਨੂੰ ਮਿਲੇਗਾ ਅਤੇ ਇਹ ਯਾਦਗਾਰੀ ਹੋ ਨਿਬੜੇਗਾ। ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਗਾਖਲ ਬ੍ਰਦਰਜ਼ ਹਰ ਸਮੇਂ ਤਿਆਰ ਹਨ ਅਤੇ ਭਵਿੱਖ ਵਿਚ ਵੀ ਅਜਿਹੇ ਹੋਰ ਨਸ਼ਾ-ਮੁਕਤ ਕਬੱਡੀ ਖੇਡ ਮੁਕਾਬਲੇ ਵੱਡੇ ਪੱਧਰ ‘ਤੇ ਕਰਵਾਏ ਜਾਣਗੇ। ਇਸ ਮੌਕੇ ਗਾਖਲ ਪਰਿਵਾਰ ਦੇ ਤੀਰਥ ਗਾਖਲ, ਨੱਥਾ ਸਿੰਘ ਗਾਖਲ, ਗੁਰਵਿੰਦਰ ਸਿੰਘ ਗਾਖਲ (ਗਿੰਦਾ) ਅਤੇ ਜਸਕਰਨ ਗਾਖਲ ਨੇ ਕਬੱਡੀ ਖੇਡ ਪ੍ਰੇਮੀਆਂ ਨੂੰ ਉਕਤ ਕਬੱਡੀ ਕੱਪ ਵਿਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।