ਕਪੂਰਥਲਾ (ਸਮਾਜਵੀਕਲੀ) – ਕਪੂਰਥਲਾ ਵਿਖੇ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਅਤੇ ਉਸ ਦੇ ਇਕ ਹੋਰ ਸਾਥੀ ਦੇ ਜ਼ਖਮੀ ਹੋ ਜਾਣ ਦੇ ਮਾਮਲੇ ਵਿਚ ਸਖਤ ਨੋਟਿਸ ਲੈਂਦੇ ਹੋਏ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਆਈ ਪਰਮਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਢਿਲਵਾਂ ਥਾਣੇ ਵਿਚ ਤਾਇਨਾਤ ਏਐਸਆਈ ਪਰਮਜੀਤ ਸਿੰਘ ਨੇ ਜ਼ਿਲਾ ਕਪੂਰਥਲਾ ਦੇ ਪਿੰਡ ਲਖਣ ਕੇ ਪੱਡੇ ਵਿਚ ਵੀਰਵਾਰ ਰਾਤ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪਿੰਡ ਵਿਚ ਲਗਾਏ ਹੋਏ ਪਹਿਰੇ ਦੌਰਾਨ ਉਸ ਦੀ ਗੱਡੀ ਰੋਕੇ ਜਾਣ ’ਤੇ ਕੁਝ ਤਕਰਾਰ ਤਕਰਾਰ ਹੋ ਗਈ ਸੀ, ਜਿਸ ਮਗਰੋਂ ਏਐਸਆਈ ਪਰਮਜੀਤ ਸਿੰਘ ਵੱਲੋਂ ਆਪਣੀ ਲਾਇਸੰਸੀ 32 ਬੋਰ ਰਿਵਾਲਵਰ ਨਾਲ ਫਾਇਰਿੰਗ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ, ਜਦਕਿ ਇਸ ਘਟਨਾ ਵਿਚ ਉਸ ਦਾ ਇਕ ਸਾਥੀ ਜ਼ਖਮੀ ਹੋ ਗਿਆ ਸੀ, ਜਿਸਦਾ ਜਲੰਧਰ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਐਸਐਸਪੀ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਸੁਭਾਨਪੁਰ ਵਿਚ ਏਐਸਆਈ ਅਤੇ ਉਸ ਦੇ ਸਾਥੀ ਮੰਗੂ ਵਾਸੀ ਲੱਖਣ ਕੇ ਪੱਡੇ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਕੇ ਦੋਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਸੀ. ਇਸ ਮਗਰੋਂ ਅਗਲੇਰੀ ਕਾਰਵਾਈ ਕਰਦੇ ਹੋਏ ਅੱਜ ਹੀ ਸਤਿੰਦਰ ਸਿੰਘ ਨੇ ਉਕਤ ਏਐਸਆਈ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ।