ਕਬਾਇਲੀਆਂ ਦੀ ਜ਼ਮੀਨ ਕੋਈ ਨਹੀਂ ਖੋਹੇਗਾ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਸਰਕਾਰ ਇਹ ਭਰੋਸਾ ਦਿੰਦੀ ਹੈ ਕਿ ਕਬਾਇਲੀ ਲੋਕਾਂ ਕੋਲੋਂ ਕੋਈ ਵੀ ਵਿਅਕਤੀ ਉਨ੍ਹਾਂ ਦੀ ਜ਼ਮੀਨ ਨਹੀਂ ਖੋਹੇਗਾ। ਬੀਬੀ ਬੈਨਰਜੀ, ਮਾਲਦਾ ਜ਼ਿਲ੍ਹੇ ਦੇ ਗਜੋਲੇ ਇਲਾਕੇ ਵਿੱਚ ਕਬਾਇਲੀਆਂ ਦੇ ਸਮੂਹਿਕ ਵਿਆਹ ਸਮਾਗਮ ਦੌਰਾਨ ਸੰਬੋਧਨ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ, ਕਿਸੇ ਵੀ ਢੰਗ ਨਾਲ ਕਬਾਇਲੀਆਂ ਤੋਂ ਉਨ੍ਹਾਂ ਦੀ ਜ਼ਮੀਨ ਨਹੀਂ ਖੋਹੇਗਾ।
ਬੈਨਰਜੀ ਨੇ ਤਿੰਨ ਸੌ ਨਵੇਂ ਵਿਆਹੇ ਜੋੜਿਆਂ ਨੂੰ ਵਧਾਈ ਦਿੰਦਿਆਂ ਕਿਹਾ,‘ਸਾਡੀ ਸਰਕਾਰ ਇਹ ਯਕੀਨ ਦਿਵਾਉਂਦੀ ਹੈ ਕਿ ਕਬਾਇਲੀ ਪਰਿਵਾਰਾਂ ਕੋਲੋਂ ਕੋਈ ਵੀ ਵਿਅਕਤੀ ਜ਼ਮੀਨ ਨਹੀਂ ਹੜੱਪ ਸਕਦਾ। ਉਨ੍ਹਾਂ ਕਿਹਾ ਕਿ ਉਹ ਹਰ ਸਾਲ ਸੂਬੇ ਦੇ ਇਲਾਕਿਆਂ ਵਿੱਚ ਕਬਾਇਲੀਆਂ ਦੇ ਸਮੂਹਿਕ ਵਿਆਹ ਸਮਾਗਮ ਕਰਵਾਉਂਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸੂਬਾਈ ਸਰਕਾਰ ਦੀ ‘ਰੁਪਾਸ਼੍ਰੀ’ ਸਕੀਮ ਤਹਿਤ ਵਿੱਤੀ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ 25 ਹਜ਼ਾਰ ਦੀ ਗਰਾਂਟ ਦਿੱਤੀ ਜਾਂਦੀ ਹੈ। ਇਹ ਸਮੂਹਿਕ ਵਿਆਹ ਸਮਾਗਮ ਵੀ ਇਸੇ ਸਕੀਮ ਤਹਿਤ ਕਰਵਾਇਆ ਗਿਆ ਹੈ।
ਇਸ ਦੌਰਾਨ ਬੀਬੀ ਬੈਨਰਜੀ ਨੇ ਸਰਕਾਰ ਦੀ ਨਵੀਂ ਪੈਨਸ਼ਨ ਸਕੀਮ ‘ਜੈ ਜੌਹਰ’ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਬਿਰਧਾਂ ਨੂੰ ਮਹੀਨਾਵਾਰ ਇਕ ਹਜ਼ਾਰ ਰੁਪਏ ਪਹਿਲੀ ਅਪਰੈਲ ਤੋਂ ਦਿੱਤੇ ਜਾਣਗੇ।

Previous articleਕਾਂਗਰਸ ਪ੍ਰਾਇਮਰੀਜ਼ ’ਚ ਛੇ ਤੋਂ ਵੱਧ ਭਾਰਤੀ-ਅਮਰੀਕੀ ਜੇਤੂ
Next articleਸਤਪਾਲ ਸਿੰਘ ਬਾਹੀਆ ਜੀ ਦੀ ਯਾਦ ਵਿਚ ਅੱਖਾਂ ਦਾ ਮੁਫਤ ਚੈਕ  ਅਪ ਅਤੇ ਅਪ੍ਰੇਸ਼ਨ ਕੈਂਪ