ਕਪੂਰਥਲਾ (ਸਮਾਜ ਵੀਕਲੀ)— ਅੱਜ ਅਚਾਨਕ ਰਿਲਾਇੰਸ ਜੀਉ ਫੋਨ ਦੇ ਗਾਹਕਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਸਵੇਰੇ 11 ਵਜੇ ਤੱਕ ਸਰਕੂਲਰ ਰੋਡ ਉੱਤੇ ਸਥਿਤ ਮੁੱਖ ਦਫਤਰ ਖੁੱਲਿਆ ਹੀ ਨਹੀਂ ਅਤੇ ਉੁਹਨਾਂ ਨੇ ਦੋ ਤਿੰਨ ਘੰਟੇ ਦੀ ਉਡੀਕ ਕੀਤੀ ਪਰ ਨਿਰਾਸ਼ ਹੋਏ। ਜਦੋਂ ਆਂਢ-ਗੁਆਂਢ ਦੇ ਦੁਕਾਨਦਾਰਾਂ ਤੋ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਕਲ੍ਹ ਬਾਅਦ ਦੁਪਿਹਰ ਕਿਸਾਨ ਨੇਤਾਵਾਂ ਨੇ ਦਫਤਰ ਆਕੇ ਇੰਚਾਰਜ ਨੂੰ ਦਫਤਰ ਬੰਦ ਕਰਨ ਲਈ ਕਿਹਾ ਸੀ ਕਿਉਕਿਂ ਦਿੱਲੀ ਵਿਖੇ ਜੇਕਰ ਅੱਤ ਦੀ ਠੰਡ ਵਿੱਚ ਕਾਰਪੋਰੇਟਾਂ ਖਿਲਾਫ ਕਿਸਾਨਾਂ ਦੇ ਬਜੁਰਗ ਸ਼ੰਘਰਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਰਿਲਾਇੰਸ ਦੇ ਪੰਪ ਅਤੇ ਸਟੋਰ ਕਿਵੇਂ ਕਮਾਈ ਕਰ ਸਕਦੇ ਹਨ?
ਸੂਤਰਾਂ ਰਾਹੀਂ ਪਤਾ ਲੱਗਿਆ ਕਿ ਦਫਤਰ ਇੰਚਾਰਜ ਨੇ ਆਪਣੇ ਉਪਰਲੇ ਹੈਡ ਆਫਿਸ ਨੂੰ ਸੂਚਿਤ ਕਰ ਦਿੱਤਾ ਹੈ ਪਰ ਦਫਤਰ ਦੇ ਬਾਹਰ ਕੋਈ ਨੋਟਿਸ ਨਹੀਂ ਲਾਇਆ ਤਾਂ ਕਿ ਗਾਹਕਾਂ ਦੀ ਖੱਜਲ ਖੁਆਰੀ ਨਾ ਹੋਵੇ। ਜਿਲ੍ਹਾ ਦਫਤਰ ਕਦੋਂ ਤੱਕ ਬੰਦ ਰਹੇਗਾ ਇਸ ਦੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਕਿਉਕਿਂ ਕਿਸੇ ਨੇ ਵੀ ਦਿੱਤੇ ਹੋਏ ਫੋਨ ਨੂੰ ਉਠਾਇਆ ਹੀ ਨਹੀਂ।
ਜਦੋਂ ਜੀਉ ਡਿਜੀਟਲ ਲਾਈਫ ਸਟੋਰ ਉੱਤੇ ਜਾ ਕੇ ਦੇਖਿਆ ਤਾਂ ਉੱਥੇ ਇੱਕ ਬੈਨਰ ਟੰਗਿਆ ਮਿਲਿਆ ਜਿਸ ਉੱਤੇ ‘ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜਥੇਬੰਦੀ’ ਲਿਖਿਆ ਸੀ।ਦਫਤਰ ਦਾ ਸ਼ੱਟਰ ਬੰਦ ਸੀ। ਹੈਰਾਨੀ ਦੀ ਗੱਲ ਹੈ ਕਿ ਰੀਚਾਰਜ ਕਰਵਾਉਣ ਲਈ ਸਟੋਰ ਦੇ ਕਰਿੰਦੇ ਸਟੋਰ ਬੰਦ ਕਰਕੇ ਅਤੇ ਕੁੱਝ ਦੂਰੀ ਤੇ ਬੈਠਕੇ ਆਪਣਾ ਕੰਮ ਕਰੀ ਜਾ ਰਹੇ ਹਨ। ਵਰਨਣਯੋਗ ਹੈ ਕਿ ਜੀਉ ਦੇ ਦੇ ਸਿੰਮ ਬਦਲਕੇ ਪੋਰਟੇਬਿਲਟੀ (ਦੂਜੀ ਕੰਪਨੀ ਵਿੱਚ ਤਬਦੀਲੀ) ਰਾਹੀਂ ਜੀਉ ਦੀ ਆਮਦਨ ਨੂੰ ਸਿੱਧਾ ਨੁਕਸਾਨ ਪਹੁੰਚਾਣ ਹਿੱਤ ਵੀ ਕਿਸਾਨਾਂ ਨੇ ਨਾਹਰਾ ਬੁਲੰਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਮੁਕੇਸ਼ ਅੰਬਾਨੀ ਦੀ ਕੰਪਨੀ ਹੁਣ ਕਿਸਾਨਾਂ ਅਤੇ ਮਜ਼ਦੂਰਾਂ ਦੇ ਗੁੱਸੇ ਦਾ ਸ਼ਿਕਾਰ ਬਣ ਰਹੀ ਹੈ। ਅਫਵਾਹ ਤਾਂ ਇਹ ਵੀ ਹੈ ਕਿ ਮੋਦੀ ਸਰਕਾਰ ਰਾਹੀਂ 5ਜੀ ਦੇ ਅਧਿਕਾਰ ਸਿਰਫ ਅੰਬਾਨੀ ਕੋਲ ਹੀ ਜਾਣਗੇ ਅਤੇ ਸਾਰੀ ਮਾਰਕੀਟ ਉੱਤੇ ਅੰਬਾਨੀਆਂ ਦਾ ਹੀ ਇਕਾਧਿਕਾਰ ਹੋਵੇਗਾ ਜੋ ਅੱਗੇ ਜਾ ਕੇ ਗਾਹਕਾਂ ਤੋਂ ਮਨਮਰਜ਼ੀ ਦੇ ਰੇਟ ਵਸੂਲੇਗਾ। ਸਪੱਸ਼ਟ ਹੈ ਕਿ ਸੰਘਰਸ਼ੀ ਲੋਕ ਦਿੱਲੀ ਤੋਂ ਇਲਾਵਾ ਪੰਜਾਬ ਵਿੱਚ ਵੀ ਆਪਣਾ ਵਿਰੋਧੀ ਪਛਾਣਕੇ ਐਕਸ਼ਨ ਕਰ ਰਹੇ ਹਨ।