ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਦੇ ਪੋਰਟਲ ਰਾਹੀਂ ਲਈਆਂ ਜਾਣਗੀਆ ਅਰਜ਼ੀਆਂ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਮਾਲ ਵਿਭਾਗ ਦੇ ਕੰਮਾਂ ਵਿਚ ਹੋਰ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਉਣ ਦੇ ਮਕਸਦ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਤੇ ਭਾਰ ਮੁਕਤ ਸਰਟੀਫਿਕੇਟ ਲੈਣ ਲਈ ਆਨਲਾਇਨ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਕਿ ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਦੇ ਪੋਰਟਲ ਰਾਹੀਂ ਮਿਲੇਗੀ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਦੋਹਾਂ ਸੇਵਾਵਾਂ ਲਈ ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਦੇ ਪੋਰਟਲ ਵਿੱਚ ਲੋੜੀਂਦੀ ਅਪਡੇਸ਼ਨ ਕਰ ਦਿੱਤੀ ਗਈ ਹੈ ਤੇ ਇਸ ਦਾ ਇੱਕ ਲਿੰਕ ਮਾਲ ਵਿਭਾਗ ਦੇ ਮੁੱਖ ਪੋਰਟਲ ‘ਤੇ ਵੀ ਮੁਹੱਈਆ ਕਰਵਾ ਦਿੱਤਾ ਗਿਆ ਹੈ।
ਇਸ ਵਿਵਸਥਾ ਤਹਿਤ ਬਿਨੈਕਾਰ ਵਲੋਂ ਭਾਰ ਰਹਿਤ ਸਰਟੀਫਿਕੇਟ ਤੇ ਨਿਸ਼ਾਨਦੇਹੀ ਲਈ ਆਪਣੀ ਅਰਜ਼ੀ ਜਾਂ ਦਰਖਾਸਤ ਨੂੰ ਆਨਲਾਈਨ ਉਕਤ ਪੋਰਟਲ ਰਾਹੀਂ ਦਰਜ ਕੀਤਾ ਜਾਵੇਗਾ ਤੇ ਫੀਸ ਦੀ ਆਨਲਾਈਨ ਅਦਾਇਗੀ ਕਰਨ ਲਈ ਪੇਮੈਂਟ ਗੇਟਵੇਅ ਦੀ ਸੁਵਿਧਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜੇਕਰ ਬਿਨੈਕਾਰ ਆਨਲਾਈਨ ਅਰਜ਼ੀ ਜਾਂ ਦਰਖਾਸਤ ਦਰਜ ਨਹੀਂ ਕਰਵਾ ਸਕਦਾ, ਤਾਂ ਬਿਨੈਕਾਰ ਫਰਦ ਕੇਂਦਰ,ਸੇਵਾ ਕੇਂਦਰ ਜਾਂ ਸਿੱਧੇ ਤੌਰ ‘ਤੇ ਸਬ-ਰਜਿਸਟਰਾਰ ਜਾਂ ਸਰਕਲ ਮਾਲ ਅਫਸਰ ਦੇ ਦਫਤਰ ਵਿਖੇ ਜਾ ਕੇ ਆਪਣੀ ਅਰਜ਼ੀ ਜਾਂ ਦਰਖਾਸਤ ਦੇ ਸਕਦਾ ਹੈ।
ਉਨਾਂ ਕਿਹਾ ਕਿ ਬਿਨੈਕਾਰ ਨੂੰ ਉਸਦੀ ਅਰਜ਼ੀ ਉੱਪਰ ਹੋ ਰਹੀ ਕਾਰਵਾਈ ਬਾਰੇ ਐਸ ਐਮ ਐਸ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਸਾਰੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਜੇਕਰ ਅਰਜ਼ੀ ਪ੍ਰਵਾਨ ਹੁੰਦੀ ਹੈ ਤਾਂ ਸਮਰੱਥ ਅਧਿਕਾਰੀ ਵਲੋਂ ਤਸਦੀਕਸ਼ੁਦਾ ਸਰਟੀਫਿਕੇਟ ਇਲੈਕਟ੍ਰੋਨੀਕਲੀ ਜਨਰੇਟ ਕਰਕੇ ਬਿਨੈਕਾਰ ਨੂੰ ਆਨਲਾਈਨ ਭੇਜ ਦਿੱਤਾ ਜਾਵੇਗਾ।
ਜੇਕਰ ਬਿਨੈਕਾਰ ਨੂੰ ਤਸਦੀਕਸ਼ੁਦਾ ਰਿਪੋਰਟ ਦੀ ਹਾਰਡ ਕਾਪੀ ਲੋੜੀਂਦੀ ਹੋਵੇ ਤਾਂ ਉਹ ਇਹ ਰਿਪੋਰਟ ਸਬੰਧਤ ਫਰਦ ਕੇਂਦਰ,ਸੇਵਾ ਕੇਂਦਰ ਜਾਂ ਸਬ-ਰਜਿਸਟਰਾਰ ਸਰਕਲ ਮਾਲ ਅਫਸਰ ਦੇ ਦਫਤਰ ਤੋਂ ਪ੍ਰਾਪਤ ਕਰ ਸਕੇਗਾ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਵਸਥਾ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸਿਸਟਮ ਮੈਨੇਜਰਾਂ,ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਰੀਡਰਾਂ ਤੇ ਪਟਵਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਉਨਾਂ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਭਾਰ ਮੁਕਤ ਸਰਟੀਫਿਕੇਟ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਲਈ ਕੇਵਲ ਆਰ ਸੀ ਐਮ ਐਸ ਪੋਰਟਲ ਰਾਹੀਂ ਹੀ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ।