ਕੈਨੇਡਾ ਪੰਜਾਬੀਆਂ ਲਈ ਇੱਕ ਪ੍ਰਦੇਸ਼ ਵਰਗਾ ਹੈ। ਜਿਵੇਂ ਸਾਹਿਤ ਵਿੱਚ ਪਰੀ ਦੇਸ਼ ਦੀਆਂ ਕਹਾਣੀਆਂ ਪੜ੍ਹੀਆਂ ਜਾਂਦੀਆਂ ਸਨ। ਉਸ ਤਰ੍ਹਾਂ ਹੀ ਪੰਜਾਬੀਆਂ ਲਈ ਕੈਨੇਡਾ ਵੀ ਸੁਪਨਿਆਂ ਦਾ ਪਰੀ ਦੇਸੀ ਹੈ। ਹਰ ਕੋਈ ਕੈਨੇਡਾ ਜਾਣ ਦਾ ਚਾਹਵਾਨ ਹੈ। ਭਾਵੇਂ ਵਿਸਟਰ ਵੀਜ਼ਾ ਲੈ ਕੇ ਹੀ ਜਾਇਆ ਜਾਵੇ। ਇਸ ਲਈ ਹੀ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਵਿੱਚ 22.2 ਫ਼ੀਸਦੀ ਵਾਧਾ ਹੋਇਆ ਹੈ। ਆਸਟਰੇਲੀਆ ਜਾਣ ਵਾਲੇ ਭਾਰਤੀਆਂ ਦੀ ਗਿਣਤੀ 2018 ਦੇ ਮੁਕਾਬਲੇ 2019 ਵਿੱਚ 12.4 ਫੀਸਦੀ ਵਧ ਗਈ ਹੈ। ਭਾਰਤੀ ਲੋਕਾਂ ਦੀ ਸੈਰ ਸਪਾਟੇ ਵਿੱਚ ਰੁਚੀ ਵਧਦੀ ਜਾ ਰਹੀ ਹੈ। ਇਹ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਤੋਂ ਸਿੱਧ ਹੁੰਦਾ ਹੈ।
ਸੈਂਟਰ ਫਾਰ ਏਸ਼ੀਆ ਪੈਸੇਫਿਕ ਏਵੀਏਸ਼ਨ ਦੇ ਅੰਕੜੇ ਦੱਸਦੇ ਹਨ ਕਿ ਜਿੱਥੇ ਭਾਰਤੀ ਲੋਕ ਕੈਨੇਡਾ, ਆਸਟਰੇਲੀਆ ਅਤੇ ਅਮਰੀਕਾ ਵਿੱਚ ਘੁੰਮਣ ਫਿਰਨ ਲਈ ਦਿਲਚਸਪੀ ਦਿਖਾ ਰਹੇ ਹਨ। ਉੱਥੇ ਹੀ ਦੁਬਈ, ਥਾਈਲੈਂਡ ਅਤੇ ਸਿੰਗਾਪੁਰ ਦੀ ਯਾਤਰਾ ਕਰਨ ਲਈ ਵੀ ਭਾਰਤੀ ਲੋਕ ਖਿੱਚੇ ਜਾ ਰਹੇ ਹਨ। ਯੂਰਪੀ ਮੁਲਕਾਂ ਵਿੱਚ ਦਾਖਲ ਹੋਣ ਲਈ ਤੁਰਕੀ ਦੀ ਬਹੁਤ ਅਹਿਮ ਭੂਮਿਕਾ ਹੈ। ਇਸ ਕਰਕੇ ਹੀ ਭਾਰਤੀ ਲੋਕਾਂ ਦੀ ਤੁਰਕੀ ਦੀ ਸੈਰ ਕਰਨ ਪ੍ਰਤੀ ਵੀ ਦਿਲਚਸਪੀ ਵਧਦੀ ਜਾ ਰਹੀ ਹੈ। ਜਿਉਂ ਜਿਉਂ ਕੌਮਾਂਤਰੀ ਹਵਾਈ ਸੇਵਾਵਾਂ ਦੀ ਸਹੂਲਤ ਮਿਲਣ ਲੱਗੀ ਹੈ।
ਤਿਉਂ ਤਿਉਂ ਵਿਦੇਸ਼ ਜਾਣਾ ਸੌਖਾ ਹੋਈ ਜਾ ਰਿਹਾ ਹੈ। ਹੁਣ ਪਹਿਲਾਂ ਵਾਂਗ ਕੋਈ ਟਾਵੀਂ ਟਾਵੀਂ ਉਡਾਣ ਨਹੀਂ ਹੁੰਦੀ ਜਾਂ ਸਮੁੰਦਰੀ ਸਫ਼ਰ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ। ਜਿਸ ਕਰਕੇ ਸੰਸਾਰ ਬਹੁਤ ਛੋਟਾ ਪ੍ਰਤੀਤ ਹੋਣ ਲੱਗਾ ਹੈ। ਇਸ ਕਰਕੇ ਹੀ ਭਾਰਤੀ ਲੋਕ ਅਰਜਨਟੀਨਾ, ਬ੍ਰਾਜ਼ੀਲ ਅਤੇ ਪੀਰੂ ਵਰਗੇ ਦੱਖਣੀ ਅਮਰੀਕੀ ਮੁਲਕਾਂ ਵੱਲ ਵੀ ਜਾਣ ਲੱਗ ਪਏ ਹਨ। ਹੁਣ ਕਿਸੇ ਮੁਲਕ ਦੀ ਏਅਰਲਾਈਨ ਨੂੰ ਟਿਕਟਾਂ ਵੇਚਣ ਲਈ ਕੋਈ ਮਸ਼ਹੂਰੀ ਪ੍ਰਚਾਰ ਨਹੀਂ ਕਰਨਾ ਪੈਂਦਾ। ਸਗੋਂ ਸੈਰ ਸਪਾਟੇ ਦੇ ਚਾਹਵਾਨ ਖੁਦ ਆ ਕੇ ਟਿਕਟਾਂ ਬੁੱਕ ਕਰਵਾਉਂਦੇ ਹਨ।
ਹਰਜਿੰਦਰ ਛਾਬੜਾ – ਪਤਰਕਾਰ 9592282333