ਪੰਜ ਸਾਲ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਮੌਕੇ ਮੁਹਾਲੀ ਵਿੱਚ ਹੋਏ ਇਕ ਝਗੜੇ ਦੌਰਾਨ ਮਾਰੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2019 ਦੀਆਂ ਸੰਸਦੀ ਚੋਣਾਂ ਦੇ ਨਤੀਜੇ ਦੀ ਪੂਰਬਲੀ ਸੰਧਿਆ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਕਿਹਾ ਕਿ ਇਸਤਗਾਸਾ ਧਿਰ ਨੇ ਮੁਲਜ਼ਮਾਂ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਸਾਬਤ ਕੀਤਾ ਹੈ। ਮੁਹਾਲੀ ਦੇ ਵਧੀਕ ਸੈਸ਼ਨ ਜੱਜ ਨੇ ਪਿਛਲੇ ਸਾਲ ਅਕਤੂੁਬਰ ਵਿੱਚ ਸੁਣਾਏ ਫੈਸਲੇ ਵਿੱਚ ਹਰਪ੍ਰੀਤ ਸਿੰਘ, ਗੁਰਸੇਵਕ ਸਿੰਘ ਭੂਤ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਦਲਬੀਰ ਸਿੰਘ, ਕਮਲਦੀਪ ਸਿੰਘ, ਗਗਨਦੀਪ ਸਿੰਘ ਤੇ ਸੁਖਪ੍ਰੀਤ ਸਿੰਘ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਖ਼ਿਲਾਫ਼ ਕੇਸ ਦੇ ਸਹਿ ਮੁਲਜ਼ਮ ਗੌਰਵ ਪਟਿਆਲ ਨਾਲ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਸਨ। ਮਗਰੋਂ ਹੇਠਲੀ ਅਦਾਲਤ ਨੇ ਕੇਸ ਦੇ ਟਰਾਇਲ ਦੌਰਾਨ ਪਟਿਆਲ ਨੂੰ ਭਗੌੜਾ ਐਲਾਨ ਦਿੱਤਾ ਸੀ। ਕੇਸ ਦੀ ਸੁਣਵਾਈ ਦੌਰਾਨ ਬੈਂਚ ਨੂੰ ਦੱਸਿਆ ਗਿਆ ਸੀ ਕਿ 2014 ਦੀਆਂ ਸੰਸਦੀ ਚੋਣਾਂ ਮੌਕੇ ਹੋਏ ਇਸ ਕਤਲ ਦੀ ਅਸਲ ਵਜ੍ਹਾ ਸਿਓ ਪਿੰਡ ਦੇ ਗੁਰਜੰਟ ਸਿੰਘ (ਪੀੜਤ) ਤੇ ਮੁਲਜ਼ਮ ਸੁਖਪ੍ਰੀਤ ਸਿੰਘ ਦਰਮਿਆਨ ਹੋਇਆ ਝਗੜਾ ਸੀ। 7 ਜੁਲਾਈ 2014 ਨੂੰ ਜਦੋਂ ਸੁਖਪ੍ਰੀਤ ਸਿੰਘ ਤੇ ਉਹਦੇ ਸਾਥੀਆਂ ਨੇ ਗੁਰਜੰਟ ਸਿੰਘ ’ਤੇ ਹਮਲਾ ਕੀਤਾ, ਉਦੋਂ ਉਹ ਮੁਹਾਲੀ ਦੇ ਇਕ ਵਾਹਨ ਸਰਵਿਸ ਸਟੇਸ਼ਨ ਵਿੱਚ ਸੀ। ਜਸਟਿਸ ਸ਼ਰਮਾ ਨੇ ਕਿਹਾ ਕਿ ਪੀੜਤ ਦੇ ਸਰੀਰ ’ਤੇ 21 ਸੱਟਾਂ ਪਾਈਆਂ ਗਈਆਂ ਸਨ ਤੇ ਇਸਤਗਾਸਾ ਪੱਖ ਨੇ ਦੋ ਗਵਾਹਾਂ ਦੇ ਬਿਆਨ ਲਏ ਹਨ।
INDIA ਕਤਲ ਮਾਮਲੇ ’ਚ ਅੱਠ ਮੁਲਜ਼ਮਾਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ