ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੇ ਨਦੀਨ ਨਾਸ਼ਕ ਹੀ ਵਰਤੇ ਜਾਣ :- ਯਾਦਵਿੰਦਰ ਸਿੰਘ
ਕਪੂਰਥਲਾ (ਹਰਜੀਤ ਸਿੰਘ ਵਿਰਕ)- ਮੁੱਖ ਖੇਤੀਬਾੜੀ ਅਫਸਰ ਡਾਕਟਰ ਸ਼ੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਖੇਤੀਬਾੜੀ ਅਫਸਰ ਨਡਾਲਾ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਨੂੰ ਕਣਕ ਵਿੱਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਕਰਨ ਲਈ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਦੀ ਕੋਆਪਰੇਟਿਵ ਸੁਸਾਇਟੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ।
ਇਸ ਮੌਕੇ ਖੇਤੀਬਾੜੀ ਅਫਸਰ ਨਡਾਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਨੂੰ ਪਹਿਲਾ ਪਾਣੀ ਹਲਕਾ ਲਗਾਇਆ ਜਾਵੇ ਅਤੇ ਪਰਾਲੀ ਨੂੰ ਖੇਤਾਂ ਵਿਚ ਹੀ ਰਲਾ ਕੇ ਕਣਕ ਦੀ ਬਿਜਾਈ ਕੀਤੀ ਜਾਵੇ । ਇਸ ਤਰ੍ਹਾਂ ਕਰਨ ਦੇ ਨਾਲ ਕਲਰਾਠੀਆਂ ਜ਼ਮੀਨਾਂ ਵਿੱਚ ਕਣਕ ਨੂੰ ਪਹਿਲੇ ਪਾਣੀ ਤੋਂ ਬਾਅਦ ਪੀਲੇ ਪੈਣ ਦੀ ਸਮੱਸਿਆ ਨਹੀਂ ਆਉਂਦੀ । ਉਨ੍ਹਾਂ ਨੇ ਕਿਸਾਨਾਂ ਨੂੰ ਆਖਿਆ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਨਦੀਨ ਘੱਟ ਉੱਗਦੇ ਹਨ ਤੇ ਅਸੀਂ ਸਪਰੇਆਂ ਦੇ ਖਰਚਿਆਂ ਤੋਂ ਬਚ ਜਾਂਦੇ ਹਾਂ । ਖੇਤਾਂ ਵਿੱਚ ਖਿੱਲਰੀ ਹੋਈ ਪਰਾਲੀ ਮਲਚਿੰਗ ਦਾ ਕੰਮ ਕਰਦੀ ਹੈ ਅਤੇ ਇਹ ਹੌਲੀ ਹੌਲੀ ਖੁਰਾਕ ਦੇ ਰੂਪ ਵਿੱਚ ਸਾਡੀ ਫਸਲ ਨੂੰ ਮਿਲਦੀ ਰਹਿੰਦੀ ਹੈ ।
ਇਸ ਮੌਕੇ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਨਦੀਨ ਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਨਦੀਨ ਨਾਸ਼ਕਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਅਨੁਸਾਰ ਹੀ ਉਨ੍ਹਾਂ ਦੀ ਸਪਰੇਅ ਕੀਤੀ ਜਾਵੇ । ਸਪਰੇ ਸਾਰੇ ਖੇਤ ਵਿਚ ਇਕ ਸਾਰ ਹੋਣੀ ਚਾਹੀਦੀ ਹੈ , ਖੇਤ ਚੰਗੀ ਤਰ੍ਹਾਂ ਤਿਆਰ ਹੋਵੇ ਅਤੇ ਖੇਤ ਵਿਚ ਚੰਗੀ ਸਲ੍ਹਾਬ ਹੋਣੀ ਜਰੂਰੀ ਹੈ। ਬਿਜਾਈ ਕਰਨ ਲਈ ਲੱਕੀ ਸੀਡ ਡਰਿਲ ਨੂੰ ਤਰਜੀਹ ਦਿਉ ਜੋ ਕਿ ਕਣਕ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇ ਨਾਲੋਂ ਨਾਲ ਕਰਦੀ ਹੈ । ਪਹਿਲੇ ਪਾਣੀ ਤੋਂ ਪਹਿਲਾਂ ਜੇਕਰ ਬਿਜਾਈ ਤੋਂ ਬਾਅਦ ਬਾਰਸ਼ ਪੈ ਜਾਵੇ ਜਾਂ ਤਾਪਮਾਨ ਘਟ ਜਾਵੇ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਹੀ ਗੁਲੀ ਡੰਡੇ ਦੇ ਬੂਟੇ ਉਗ ਪੈਂਦੇ ਹਨ ਅਤੇ 2 ਤੋਂ 3 ਪੱਤਿਆਂ ਦੀ ਅਵਸਥਾ ਵਿਚ ਆ ਜਾਂਦੇ ਹਨ । ਇਹ ਸਮੱਸਿਆ ਉਹਨਾਂ ਖੇਤਾਂ ਵਿਚ ਜ਼ਿਆਦਾ ਆਉਂਦੀ ਹੈ ਜਿਥੇ ਬਿਜਾਈ ਸਮੇਂ ਨਦੀਨ ਨਾਸ਼ਕ ਦੀ ਵਰਤੋਂ ਨਾ ਕੀਤੀ ਗਈ ਹੋਵੇ । ਇਹਨਾਂ ਹਾਲਤਾਂ ਵਿਚ ਲੀਡਰ 75 ਡਬਲਯੂ ਜੀ ( ਸਲਫੋਸਲਫੂਰਾਨ ) 13 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿਚ ਘੋਲ ਕੇ ਪਹਿਲੇ ਪਾਣੀ ਤੋਂ 12 ਦਿਨ ਪਹਿਲਾਂ ਛਿੜਕਾਅ ਕਰ ਦੇਣਾ ਚਾਹੀਦਾ ਹੈ । ਇਸ ਮੌਕੇ ਗੋਪਾਲ ਸਿੰਘ , ਗੁਰਦੇਵ ਸਿੰਘ , ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ , ਨਛੱਤਰ ਸਿੰਘ, ਨਿਰਮਲ ਸਿੰਘ , ਸੁਖਵੰਤ ਸਿੰਘ, ਪਰੀਤਮ ਸਿੰਘ, ਜਗੀਰ ਸਿੰਘ ਅਤੇ ਇਲਾਕੇ ਦੇ ਉੱਘੇ ਕਿਸਾਨ ਹਾਜ਼ਰ ਸਨ ।