ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਤਿੰਨ ਦਿਨਾਂ ਤੋਂ ਕਣਕ ਦੀ ਖ਼ਰੀਦ ਨਾ ਹੋਣ ’ਤੇ ਅੱਜ ਸ਼ਾਮ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਘੇਰਿਆ। ਇਸ ਤੋਂ ਬਾਅਦ ਰੋਹ ’ਚ ਆਏ ਆੜ੍ਹਤੀਆਂ ਤੇ ਕਿਸਾਨਾਂ ਨੇ ਮੰਡੀ ਦੇ ਬਾਹਰ ਜੀਟੀ ਰੋਡ ’ਤੇ ਚੱਕਾ ਜਾਮ ਕਰ ਦਿੱਤਾ। ਮੁਜ਼ਾਹਰੇ ਦੌਰਾਨ ਜਿੱਥੇ ਜੀਟੀ ਰੋਡ ’ਤੇ ਦੋਵੇਂ ਪਾਸੇ ਆਵਾਜਾਈ ਠੱਪ ਕਰ ਦਿੱਤੀ ਗਈ, ਉੱਥੇ ਹੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀ ’ਚ ਆਪਣੀ ਜਿਣਸ ਲੈ ਕੇ ਬੈਠੇ ਹਨ ਪ੍ਰੰਤੂ, ਕਿਸੇ ਵੀ ਖਰੀਦ ਏਜੰਸੀ ਵੱਲੋਂ ਜਿਣਸ ਦਾ ਭਾਅ ਨਹੀਂ ਲਾਇਆ ਗਿਆ। ਉਨ੍ਹਾਂ ਵਲੋਂ ਨਮੀ ਜ਼ਿਆਦਾ ਤੇ ਦਾਣਾ ਬਦਰੰਗ ਹੋਣ ਦੀ ਗੱਲ ਆਖ ਕੇ ਬੋਲੀ ਲਾਉਣ ਤੋਂ ਇਨਕਾਰ ਕੀਤਾ ਜਾ ਰਿਹਾ। ਜਦਕਿ ਇਸ ’ਚ ਕਿਸੇ ਵੀ ਕਿਸਾਨ ਦਾ ਕੋਈ ਦੋਸ਼ ਨਹੀਂ ਹੈ। ਇਸ ਮੁੱਦੇ ਨੂੰ ਲੈ ਕੇ ਉਹ ਮੰਗਲਵਾਰ ਸ਼ਾਮ ਨੂੰ ਮਾਰਕੀਟ ਕਮੇਟੀ ਸਕੱਤਰ ਕੋਲ ਗਏ ਸੀ ਤਾਂ ਉਨ੍ਹਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਤੋਂ ਗੁੱਸੇ ’ਚ ਆ ਕੇ ਕਿਸਾਨਾਂ ਨੇ ਆੜਤੀਆਂ ਨੂੰ ਨਾਲ ਲੈ ਕੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਇਸ ਮਗਰੋਂ ਜੀਟੀ ਰੋਡ ਜਾਮ ਕਰ ਦਿੱਤਾ ਗਿਆ। ਤਿੰਨ ਦਿਨਾਂ ਤੋਂ ਕਿਸਾਨਾਂ ਦੀ ਸਾਰ ਲੈਣ ਤਾਂ ਕੋਈ ਸਿਆਸੀ ਆਗੂ ਨਹੀਂ ਪੁੱਜਾ ਪਰ ਧਰਨੇ ਦੌਰਾਨ ਕਈ ਪਾਰਟੀਆਂ ਦੇ ਆਗੂਆਂ ਨੇ ਆਪਣੀ ਹਾਜ਼ਰੀ ਲਾ ਕੇ ਸਿਆਸੀ ਰੋਟੀਆਂ ਸੇਕਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਕਿਸਾਨਾਂ ਦਾ ਗੁੱਸਾ ਵਧਦਾ ਦੇਖ ਕੇ ਐੱਸਡੀਐੱਮ ਸੰਦੀਪ ਸਿੰਘ ਤੁਰੰਤ ਮੌਕੇ ’ਤੇ ਪੁੱਜੇ ਅਤੇ ਜਿਣਸ ਦੀ ਖਰੀਦ ਸ਼ੁਰੂ ਕਰਾ ਕੇ ਧਰਨਾ ਚੁਕਾਇਆ ਗਿਆ। ਏਐੱਫਐੱਸਓ ਮਨੀਸ਼ ਪਜਨੀ ਨੇ ਕਿਹਾ ਕਿ ਮਾਮਲਾ ਸ਼ਾਂਤ ਹੋ ਗਿਆ ਹੈ। ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਨੂੰ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
INDIA ਕਣਕ ਦੀ ਖ਼ਰੀਦ ਨਾ ਹੋਣ ’ਤੇ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਚੱਕਾ ਜਾਮ