ਕਣਕ ਦੀ ਖਰੀਦ ਯੋਜਨਾ ਬਣ ਸਕਦੀ ਹੈ ਜੀਅ ਦਾ ਜੰਜਾਲ

ਚੰਡੀਗੜ੍ਹ  (ਸਮਾਜਵੀਕਲੀ)  – ਕਰੋਨਾਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਇੱਕ ਮਈ ਤੱਕ ਵਧਾ ਦਿੱਤੇ ਗਏ ਕਰਫ਼ਿਊ ਦੌਰਾਨ ਹੀ ਕਣਕ ਖਰੀਦ ਦਾ ਵੱਡਾ ਕਾਰਜ ਸਰਕਾਰ ਦੇ ਸਾਹਮਣੇ ਹੈ। ਸਰਕਾਰੀ ਯੋਜਨਾ ਵਿੱਚ ਸਪੱਸ਼ਟਤਾ ਦੀ ਘਾਟ ਕਾਰਨ ਕਿਸਾਨਾਂ ਨੂੰ ਇਸ ਗੱਲ ਦੀ ਤਸੱਲੀ ਨਹੀਂ ਹੋ ਰਹੀ ਕਿ ਕਣਕ ਦੀ ਖਰੀਦ ਵਿੱਚ ਔਕੜਾਂ ਨਹੀਂ ਆਉਣਗੀਆਂ।

ਮਿਸਾਲ ਦੇ ਤੌਰ ’ਤੇ ਸਰਕਾਰ ਨੇ ਕਣਕ ਮੰਡੀ ਵਿੱਚ ਲਿਆਉਣ ਤੋਂ ਲੈ ਕੇ ਪੇਮੈਂਟ ਤੱਕ ਦੀ ਜ਼ਿੰਮੇਵਾਰੀ ਆੜ੍ਹਤੀਆਂ ’ਤੇ ਸੁੱਟੀ ਹੈ। ਇੱਕ ਆੜ੍ਹਤੀ ਇੱਕ ਮੰਡੀ ਲਈ ਇੱਕ ਦਿਨ ਵਾਸਤੇ ਪੰਜ ਟਰਾਲੀਆਂ ਨੂੰ ਪਾਸ ਦੇ ਸਕੇਗਾ ਅਤੇ ਇੱਕ ਕਿਸਾਨ ਨੂੰ ਇੱਕ ਦਿਨ ਲਈ ਇੱਕ ਪਾਸ ਮਿਲੇਗਾ। ਕਿਸਾਨੀ ਦੇ ਧੰਦੇ ਨੂੰ ਨੇੜਿਓਂ ਜਾਣਨ ਵਾਲਿਆਂ ਵੱਲੋਂ ਸੁਆਲ ਉਠਾਉਣਾ ਸੁਭਾਵਿਕ ਹੈ।

ਪੰਜਾਬ ਦੇ ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਲਿਖੀ ਚਿੱਠੀ ਤੇ ਮੰਡੀ ਬੋਰਡ ਵੱਲੋਂ 11 ਅਪਰੈਲ ਨੂੰ ਖਰੀਦ ਸਬੰਧੀ ਲਾਗੂ ਕੀਤੇ ਜਾਣ ਵਾਲੇ ਨਿਯਮ (ਐੱਸਓਪੀ) ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਖਰੀਦ ਦਾ ਸੀਜ਼ਨ 15 ਅਪਰੈਲ ਤੋਂ ਸ਼ੁਰੂ ਹੋ ਕੇ 15 ਜੂਨ ਤੱਕ ਚੱਲੇਗਾ। ਇਸ ਹਿਸਾਬ ਨਾਲ ਹੀ 3691 ਮੰਡੀਆਂ ’ਚ ਕਣਕ ਲਿਆਉਣ ਦਾ ਤਰੀਕਾ ਅਪਣਾਇਆ ਗਿਆ ਹੈ।

ਨਿਯਮਾਂ ਮੁਤਾਬਿਕ ਇੱਕ ਪਾਸ ਇੱਕ ਟਰਾਲੀ ਲਈ ਜਾਰੀ ਕੀਤਾ ਜਾਵੇਗਾ। ਇੱਕ ਆੜ੍ਹਤੀ ਇੱਕ ਦਿਨ ਵਿੱਚ ਪੰਜ ਟਰਾਲੀਆਂ ਦੇ ਪਾਸ ਜਾਰੀ ਕਰ ਸਕੇਗਾ। ਇਸ ਦਾ ਭਾਵ ਹੈ ਇੱਕ ਆੜ੍ਹਤੀ ਨੂੰ 250 ਕੁਇੰਟਲ ਕਣਕ (550 ਬੋਰੀ) ਤੱਕ ਰੋਜ਼ਾਨਾ ਮੰਗਵਾਉਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਲਈ 30 ਵਰਗ ਫੁੱਟ ਦੀ ਜਗ੍ਹਾ ਫੜ੍ਹ ਲਈ ਅਲਾਟ ਹੋਵੇਗੀ। ਪਹਿਲੇ ਤਿੰਨ ਦਿਨ ਮੰਡੀ ਦੀ ਸਮਰੱਥਾ ਤੋਂ ਇੱਕ ਤਿਹਾਈ ਪਾਸ ਜਾਰੀ ਕਰਨ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਪੂਰੀ ਖਰੀਦ ਡੇਢ ਮਹੀਨੇ ਦਾ ਸਮਾਂ ਲਵੇਗੀ।

ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇੱਕ ਕੰਬਾਈਨ ਦਿਨ ਵਿੱਚ 25 ਤੋਂ 30 ਏਕੜ ਤੱਕ ਕਟਾਈ ਕਰ ਦਿੰਦੀ ਹੈ। ਆਮ ਤੌਰ ’ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇੱਕ ਕਿਸਾਨ ਦੇ ਲੱਗੀ ਕੰਬਾਈਨ ਉਸ ਦੀ ਸਾਰੀ ਕਣਕ ਕੱਟ ਕੇ ਹੀ ਕਿਸੇ ਹੋਰ ਕਿਸਾਨ ਕੋਲ ਜਾਵੇ। ਅਜਿਹੀ ਹਾਲਤ ਵਿੱਚ ਜੇਕਰ ਇੱਕ ਕਿਸਾਨ ਨੂੰ ਇੱਕ ਟਰਾਲੀ ਦਾ ਪਾਸ ਮਿਲੇਗਾ ਤਾਂ ਉਹ ਇੱਕ ਟਰਾਲੀ ਮੰਡੀ ਵਿੱਚ ਅਤੇ ਦੂਸਰੀਆਂ ਕਿੱਥੇ ਲੈ ਕੇ ਜਾਵੇਗਾ?

ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪਹਿਲਾਂ ਛੋਟੇ ਕਿਸਾਨਾਂ ਨੂੰ ਪਾਸ ਦੇਣ ਦੀ ਗੱਲ ’ਤੇ ਵਿਚਾਰ ਹੋਈ ਸੀ ਕਿਉਂਕਿ ਉਸ ਕੋਲ ਘਰ ਰੱਖਣ ਲਈ ਜਗ੍ਹਾ ਜਾਂ ਵਸੀਲੇ ਨਹੀਂ ਹੁੰਦੇ। ਦੱਸੇ ਗਏ ਨਿਯਮਾਂ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਹੈ। ਟਰਾਲੀ ਵਿੱਚ ਪੰਜਾਹ ਕੁਇੰਟਲ ਤੋਂ ਘੱਟ ਜਾਂ ਵੱੱਧ ਅਨਾਜ ਹੋ ਸਕਦਾ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਪਤਾ ਪਰ ਕਿਸੇ ਵੀ ਉਲੰਘਣਾ ਲਈ ਆੜ੍ਹਤੀ ਉੱਤੇ ਕੇਸ ਕਰਨ ਦੀਆਂ ਸੂਚਨਾਵਾਂ ਖਤਰਨਾਕ ਹਨ। ਅਸਲ ਵਿੱਚ ਵੱਡੇ ਆੜ੍ਹਤੀਆਂ ਦੇ ਸ਼ੈੱਲਰ ਵੀ ਹਨ। ਉਨ੍ਹਾਂ ਨੂੰ ਆਪਣੇ ਆਪਣੇ ਸ਼ੈੱਲਰ ਵਿੱਚ ਆਪਣੇ ਗਾਹਕਾਂ ਦੀ ਕਣਕ ਲਵਾਉਣ ਦਾ ਅਧਿਕਾਰ ਦੇ ਦੇਣਾ ਚਾਹੀਦਾ ਸੀ। ਉਹ ਬਾਰਦਾਨਾ ਲੈ ਕੇ ਖੇਤਾਂ ਵਿੱਚੋਂ ਭਰਵਾ ਲੈਂਦੇ ਤੇ ਬੋਰੀਆਂ ਲਗਵਾ ਸਕਦੇ ਸਨ।

ਜ਼ਿਕਰਯੋਗ ਹੈ ਕਿ ਆੜ੍ਹਤੀ ਵੱਲੋਂ ਜਾਰੀ ਪਾਸ ਵਿਸ਼ੇਸ਼ ਮੰਡੀ ਲਈ ਹੀ ਹੋਵੇਗਾ। ਜੇਕਰ ਸਮੇਂ ਸਿਰ ਅਨਾਜ ਨਾ ਲਿਆਂਦਾ ਤਾਂ ਮਿਆਦ ਲੰਘੀ ਪਿੱਛੋਂ ਪਾਸ ਨਹੀਂ ਚੱਲੇਗਾ। ਪਾਸ ਦੀ ਫੋਟੋ ਕਾਫੀ ਜਾਂ ਫੋਟੋ ਨਹੀਂ ਚੱਲੇਗੀ। ਹਰ ਮੰਡੀ ਦੇ ਗੇਟ ਉੱਤੇ ਖੜ੍ਹੇ ਅਧਿਕਾਰੀ ਨੂੰ ਜੇਕਰ ਕਿਸੇ ਨੂੰ ਜ਼ੁਕਾਮ, ਖੰਘ ਜਾਂ ਬੁਖਾਰ ਦਾ ਸ਼ੱਕ ਹੋਵੇਗਾ ਤਾਂ ਟਰਾਲੀ ਨਹੀਂ ਜਾਣ ਦੇਣਗੇ ਅਤੇ ਉਸ ਨੂੰ ਹਸਪਤਾਲ ਵਿੱਚ ਜਾਂਚ ਲਈ ਜਾਣਾ ਪਵੇਗਾ।

ਮੰਡੀਆਂ ਦੇ ਗੇਟਾਂ ਉੱਤੇ ਪੁਲੀਸ ਦਾ ਪਹਿਰਾ ਹੋਵੇਗਾ। ਪੰਜਾਬ ਦੀਆਂ ਮੰਡੀਆਂ ਵਿੱਚ 35 ਲੱਖ ਹੈਕਟੇਅਰ ਰਕਬੇ ਵਿੱਚੋਂ 135 ਲੱਖ ਟਨ ਕਣਕ ਆਉਣ ਦੀ ਉਮੀਦ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਪੂਰੀ ਤਿਆਰੀ ਹੈ। ਸਾਰੀਆਂ ਮੰਡੀਆਂ ਸੈਨੇਟਾਈਜ਼ ਕੀਤੀਆਂ ਜਾ ਰਹੀਆਂ ਹਨ।

Previous articleMamata wants meeting with Centre on infiltration through borders
Next articleMHA slams Bengal govt, Mamata hits back