ਜੰਮੂ (ਸਮਾਜਵੀਕਲੀ) – ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਚਨਾਬ ਟੈਕਸਟਾਈਲ ਮਿੱਲਜ਼ ਵੱਲੋਂ ਪੂਰੀ ਤਨਖਾਹ ਨਾ ਦਿੱਤੇ ਜਾਣ ਤੋਂ ਖਫ਼ਾ ਹੋਏ ਮਜ਼ਦੂਰਾਂ ਨੇ ਅੱਜ ਰੋਸ ਮੁਜ਼ਾਹਰਾ ਕੀਤਾ। ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਮਜ਼ਦੂਰਾਂ ਨਾਲ ਝੜਪ ਹੋ ਗਈ ਜਿਸ ’ਚ ਕਈ ਮਜ਼ਦੂਰ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਪੁਲੀਸ ਨੇ ਇਸ ਮਾਮਲੇ ’ਚ ਦੋ ਦਰਜਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਪੁਲੀਸ ਨੇ ਦੱਸਿਆ ਕਿ ਚਨਾਬ ਟੈਕਸਟਾਈਲ ਮਿੱਲਜ਼ ਦੇ ਵੱਡੀ ਗਿਣਤੀ ’ਚ ਵਰਕਰ ਅੱਜ ਸੜਕਾਂ ’ਤੇ ਆ ਕੇ ਰੋਸ ਮੁਜ਼ਾਹਰਾ ਕਰਨ ਲੱਗ ਪਏ। ਉਹ ਮਿੱਲ ਮੈਨੇਜਮੈਂਟ ਨੂੰ ਪੂਰੀ ਤਨਖ਼ਾਹ ਦੇਣ ਦੀ ਮੰਗ ਕਰ ਰਹੇ ਸੀ।
ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਮਜ਼ਦੂਰਾਂ ਨੇ ਹਿੰਸਾ ਕਰਦਿਆਂ ਮਿੱਲ ਕੰਪਲੈਕਸ ਦਾ ਫਰਨੀਚਰ, ਦਰਵਾਜ਼ੇ-ਬਾਰੀਆਂ ਤੇ ਹੋਰ ਸਾਮਾਨ ਦੀ ਤੋੜ-ਭੰਨ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਮੁੱਖ ਮਾਰਗ ਜਾਮ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਉਨ੍ਹਾਂ ਨੂੰ ਧਰਨਾ ਚੁੱਕਣ ਲਈ ਕਿਹਾ, ਪਰ ਮਜ਼ਦੂਰਾਂ ਦੀ ਪੁਲੀਸ ਨਾਲ ਝੜਪ ਹੋ ਗਈ। ਮਜ਼ਦੂਰਾਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਲਾਠੀਚਾਰਜ ਵੀ ਕਰਨਾ ਪਿਆ।