ਔਰੰਗਾਬਾਦ (ਸਮਾਜਵੀਕਲੀ) – ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਰੇਲਵੇ ਪਟੜੀ ‘ਤੇ ਸੁੱਤੇ ਪਰਵਾਸੀ ਮਜ਼ਦੂਰਾਂ ਉਪਰ ਅੱਜ ਤੜਕੇ ਸਵਾ ਪੰਜ ਵਜੇ ਦੇ ਕਰੀਬ ਮਾਲ ਗੱਡੀ ਚੜ੍ਹ ਗਈ, ਜਿਸ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੋ ਗਿਆ। ਕਰਮਾੜ ਥਾਣੇ ਦੇ ਇਕ ਅਧਿਕਾਰੀ ਨੇਦੱਸਿਆ ਕਿ ਮੱਧ ਮਹਾਰਾਸ਼ਟਰ ਦੇ ਜਲਾਨਾ ਤੋਂ ਭੂਸਵਾਲ ਜਾ ਰਹੇ ਮਜ਼ਦੂਰ ਆਪਣੇ ਗ੍ਰਹਿ ਰਾਜ ਮੱਧ ਪ੍ਰਦੇਸ਼ ਵਾਪਸ ਜਾ ਰਹੇ ਸਨ।
ਕਈ ਕਿਲੋਮੀਟਰ ਚੱਲਣ ਬਾਅਦ ਉਹ ਥੱਕ ਕੇ ਰੇਲ ਪਟੜੀ ’ਤੇ ਹੀ ਸੌਂ ਗਏ। ਜਲਾਣਾ ਤੋਂ ਆ ਰਹੀ ਮਾਲ ਗੱਡੀ ਪਟੜੀ ‘ਤੇ ਸੁੱਤੇ ਇਨ੍ਹਾਂ ਮਜ਼ਦੂਰਾਂ’ ਤੇ ਚੜ੍ਹ ਗਈ। ਪੁਲੀਸ ਅਧਿਕਾਰੀ ਸੰਤੋਸ਼ ਖੇਤਮਲਸ ਨੇ ਕਿਹਾ, “ਜਲਨਾ ਵਿੱਚ ਸਟੀਲ ਫੈਕਟਰੀ ਵਿੱਚ ਕੰਮ ਕਰ ਰਹੇ ਮਜ਼ਦੂਰ ਬੀਤੀ ਰਾਤ ਪੈਦਲ ਆਪਣੇ ਗ੍ਰਹਿ ਰਾਜ ਲਈ ਰਵਾਨਾ ਹੋਏ ਸਨ।
ਉਹ ਕਰਮਾੜ ਆਏ ਅਤੇ ਥੱਕੇ ਹੋਏ ਪਟੜੀ ’ਤੇ ਸੌਂ ਗਏ। ਇਸ ਹਾਦਸੇ ਵਿੱਚ 16 ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਮਜ਼ਦੂਰ, ਜੋ ਇਸ ਸਮੂਹ ਦੇ ਨਾਲ ਚੱਲ ਰਹੇ ਸਨ, ਉਹ ਪਟੜੀ ਤੋਂ ਪਰ੍ਹੇ ਹੋ ਕੇ ਸੱਤੇ ਸਨ, ਬਚ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।