ਫਿਰੋਜ਼ਪੁਰ- ਇੱਥੋਂ ਦੀ ਬਸਤੀ ਟੈਂਕਾਂ ਵਾਲੀ ਵਿੱਚ ਵਿਆਹੀ ਔਰਤ ਪੂਜਾ ਰਾਣੀ (26) ਦੀ ਖ਼ੂਨ ਨਾਲ ਲਿਬੜੀ ਲਾਸ਼ ਲੰਘੀ ਰਾਤ ਬੈੱਡ ਵਿੱਚੋਂ ਬਰਾਮਦ ਹੋਈ ਹੈ। ਪੂਜਾ ਪਿੱਛੋਂ ਜਲੰਧਰ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਦੋ ਸਾਲ ਪਹਿਲਾਂ ਮਨਮੋਹਨ ਠਾਕੁਰ ਵਾਸੀ ਬਸਤੀ ਟੈਂਕਾਂ ਵਾਲੀ, ਫਿਰੋਜ਼ਪੁਰ ਨਾਲ ਹੋਇਆ ਸੀ। ਮਨਮੋਹਨ ਇੱਕ ਆਯੂਰਵੈਦਿਕ ਕੰਪਨੀ ਵਿੱਚ ਨੌਕਰੀ ਕਰਦਾ ਹੈ ਅਤੇ ਮੰਗਲਵਾਰ ਨੂੰ ਉਹ ਆਪਣੇ ਕੰਮ ’ਤੇ ਗਿਆ ਹੋਇਆ ਸੀ। ਪੂਜਾ ਇਸ ਘਰ ਵਿੱਚ ਆਪਣੇ ਪਤੀ ਤੇ ਸਹੁਰੇ ਨਾਲ ਰਹਿੰਦੀ ਸੀ। ਮਨਮੋਹਨ ਦੇ ਪਿਤਾ ਵੀ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਸਥਿਤ ਬਾਬਾ ਬਾਲਕ ਨਾਥ ਮੰਦਰ ਗਏ ਹੋਏ ਸਨ ਜਿਸ ਕਰਕੇ ਮੰਗਲਵਾਰ ਨੂੰ ਪੂਜਾ ਘਰ ਵਿੱਚ ਇਕੱਲੀ ਸੀ। ਘਰ ਦੀ ਦੂਜੀ ਮੰਜ਼ਿਲ ਖਾਲੀ ਪਈ ਹੈ ਜਦੋਂਕਿ ਤੀਜੀ ਮੰਜ਼ਿਲ ’ਤੇ ਆਪਣੇ ਪਰਿਵਾਰ ਨਾਲ ਰਹਿੰਦੇ ਕਿਰਾਏਦਾਰ ਮੁਹੰਮਦ ਹਾਸ਼ਿਮ ਨੇ ਉਸ ਨੂੰ ਸਵੇਰੇ 11 ਵਜੇ ਛੱਤ ’ਤੇ ਧੁੱਪ ਵਿੱਚ ਕੰਬਲ ਪਾਉਂਦੇ ਹੋਏ ਦੇਖਿਆ ਸੀ। ਮੁਹੰਮਦ ਹਾਸ਼ਿਮ ਇੱਥੇ ਰੇਲਵੇ ਵਿੱਚ ਡਰਾਈਵਰ ਹੈ। ਮੰਗਲਵਾਰ ਨੂੰ ਪੂਜਾ ਦੀ ਮਾਂ ਨੇ ਉਸ ਨੂੰ ਕਈ ਫੋਨ ਕੀਤੇ, ਪਰ ਉਸ ਨੇ ਫੋਨ ਨਹੀਂ ਚੁੱਕਿਆ। ਅਖੀਰ ਉਸ ਨੇ ਮਨਮੋਹਨ ਠਾਕੁਰ ਨੂੰ ਫੋਨ ਕਰ ਕੇ ਦੱਸਿਆ ਕਿ ਪੂਜਾ ਫੋਨ ਨਹੀਂ ਚੁੱਕ ਰਹੀ ਹੈ। ਮਨਮੋਹਨ ਸ਼ਾਮ ਨੂੰ 6.30 ਵਜੇ ਘਰ ਆਇਆ ਤਾਂ ਦੇਖਿਆ ਕਿ ਘਰ ਦਾ ਬਾਹਰਲਾ ਗੇਟ ਖੁੱਲ੍ਹਾ ਪਿਆ ਸੀ, ਪਰ ਅੰਦਰਲਾ ਦਰਵਾਜ਼ਾ ਬੰਦ ਸੀ। ਉਸ ਨੇ ਗੁਆਂਢੀਆਂ ਨੂੰ ਪੂਜਾ ਬਾਰੇ ਪੁੱਛਿਆ ਪਰ ਕੁੱਝ ਵੀ ਪਤਾ ਨਹੀਂ ਲੱਗਿਆ। ਫਿਰ ਉਹ ਰਸੋਈ ਦੀ ਗਰਿੱਲ ਤੋੜ ਕੇ ਘਰ ਅੰਦਰ ਦਾਖ਼ਲ ਹੋਇਆ ਅਤੇ ਪੂਜਾ ਦੀ ਭਾਲ ਸ਼ੁਰੂ ਕੀਤੀ। ਏਨੀ ਦੇਰ ਨੂੰ ਆਂਢ ਗੁਆਂਢ ਦੇ ਲੋਕ ਵੀ ਇਕੱਠੇ ਹੋ ਗਏ। ਰਾਤ ਕਰੀਬ 9 ਵਜੇ ਤੱਕ ਪੂਜਾ ਦਾ ਕੋਈ ਸੁਰਾਗ ਨਹੀਂ ਸੀ ਲੱਗਿਆ। ਛਾਣਬੀਨ ਤੋਂ ਬਾਅਦ ਪੂਜਾ ਦੀ ਲਾਸ਼ ਘਰ ਦੇ ਇਕ ਕਮਰੇ ਵਿੱਚ ਪਏ ਬਾਕਸ ਬੈੱਡ ਵਿੱਚੋਂ ਬਰਾਮਦ ਹੋਈ। ਪੂਜਾ ਦਾ ਮੂੰਹ ਅਤੇ ਹੱਥ ਕੱਪੜੇ ਨਾਲ ਬੰਨ੍ਹੇ ਹੋਏ ਸਨ। ਪੂਜਾ ਦੀ ਗਰਦਨ ’ਤੇ ਖੂਨ ਜਮਿਆ ਹੋਇਆ ਸੀ। ਲਾਸ਼ ਦੇਖ ਕੇ ਸਾਰੇ ਘਬਰਾ ਗਏ ਅਤੇ ਇਸ ਸਬੰਧੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ। ਐੱਸਪੀ (ਡੀ) ਬਲਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਦੀਆਂ ਕਈ ਟੀਮਾਂ ਮੌਕੇ ’ਤੇ ਪੁੱਜ ਗਈਆਂ ਅਤੇ ਤੜਕੇ 3 ਵਜੇ ਤੱਕ ਇਸ ਮਾਮਲੇ ਦੀ ਪੜਤਾਲ ਚੱਲਦੀ ਰਹੀ। ਪੁਲੀਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਘੋਖ ਵੀ ਕਰ ਰਹੀ ਹੈ। ਅਜੇ ਤੱਕ ਪੂਜਾ ਦੇ ਕਤਲ ਦਾ ਕੋਈ ਠੋਸ ਸੁਰਾਗ ਪੁਲੀਸ ਦੇ ਹੱਥ ਨਹੀਂ ਲੱਗਿਆ ਹੈ। ਅੱਜ ਪੂਜਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਦੱਸਿਆ ਜਾ ਸਕਦਾ ਹੈ। ਐੱਸਐੱਚਓ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਪੂਜਾ ਦੇ ਪਤੀ ਮਨਮੋਹਨ ਠਾਕੁਰ ਦੇ ਬਿਆਨ ਕਲਮਬੰਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
INDIA ਔਰਤ ਦੀ ਖ਼ੂਨ ਨਾਲ ਲਿੱਬੜੀ ਲਾਸ਼ ਬੈੱਡ ਵਿੱਚੋਂ ਮਿਲੀ