ਔਰਤਾਂ ਵਿਰੁੱਧ ਜਿਨਸੀ ਅਪਰਾਧ

(ਸਮਾਜ ਵੀਕਲੀ)

ਹਾਲ ਹੀ ਵਿੱਚ ਉਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਇੱਕ ਰਿਜੌ਼ਰਟ ਵਿਚ ਕੰਮ ਕਰਦੀ ਲੜਕੀ ਦੀ ਲਾਸ਼ ਨਹਿਰ ਚੋਂ ਮਿਲੀ। ਰਿਜ਼ੌਰਟ ਵਿੱਚ ਰਹਿ ਰਹੇ ਮਹਿਮਾਨਾਂ ਨਾਲ ਕੁੜੀ ਨੂੰ ਸਬੰਧ ਬਣਾਉਣ ਲਈ ਦਬਾਅ ਪਾਇਆ ਜਾਂਦਾ ਸੀ। ਹਾਲਾਂਕਿ ਰਿਜ਼ੌਰਟ ਮਾਲਕ ਦੇ ਨਾਲ ਨਾਲ ਦੋ ਹੋਰ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਰੋਸ ਵਿਚ ਆਏ ਲੋਕਾਂ ਵੱਲੋਂ ਪੁਲੀਸ ਦੀ ਗੱਡੀ ਦੀ ਭੰਨ-ਤੋੜ ਵੀ ਕੀਤੀ ਗਈ। ਧਰਨੇ ਮੁਜ਼ਾਹਰੇ ਵੀ ਲਗਾਏ ਗਏ। ਰਿਪੋਰਟ ਮੁਤਾਬਕ ਲੜਕੀ ਦੇ ਸ਼ਰੀਰ ਤੇ ਕੁੱਟਮਾਰ ਦੇ ਨਿਸ਼ਾਨ ਵੀ ਪਾਏ ਗਏ। ਲਗਾਤਾਰ ਅਜਿਹੀਆਂ ਘਿਨਾਉਣੀਆਂ ਹਰਕਤਾਂ ਵਿਚ ਵਾਧਾ ਹੋ ਰਿਹਾ ਹੈ। ਵਾਰ-ਵਾਰ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾਂਦੀ ਹੈ।

ਝਾਰਖੰਡ ਦੇ ਦੁਮਕਾ ਜ਼ਿਲੇ ਵਿਚ ਬਾਰਵੀਂ ਕਲਾਸ ਦੀ ਵਿਦਿਆਰਥਣ ਨੂੰ ਉਸ ਦੇ ਹੀ ਮੁਹੱਲੇ ਦੇ ਨੌਜਵਾਨਾਂ ਵੱਲੋਂ ਪੈਟਰੋਲ ਛਿੜਕ ਕੇ ਅੱਗ ਲਗਾ ਦੇਣਾ ਬਹੁਤ ਮੰਦਭਾਗੀ ਘਟਨਾ ਹੈ। ਪੀੜਤ ਦੇ ਮੁਹੱਲੇ ਦਾ ਮੁੰਡਾ ਉਸ ਨੂੰ ਵਿਆਹ ਲਈ ਬਾਰ-ਬਾਰ ਤੰਗ ਕਰ ਰਿਹਾ ਸੀ। ਕਿਉਂਕਿ ਉਹ ਦੋਸ਼ੀ ਉਸ ਕੁੜੀ ਨੂੰ ਪਿਆਰ ਕਰਦਾ ਸੀ ਤੇ ਕੁੜੀ ਨੇ ਹਾਮੀ ਨਹੀਂ ਭਰੀ ਸੀ। ਜਿਸ ਕਰਕੇ ਉਸ ਨੇ ਕੁੜੀ ਨੂੰ ਜਿਉਂਦੇ ਜੀਅ ਸਾੜ ਦਿੱਤਾ। ਜ਼ਖਮਾਂ ਦਾ ਦਰਦ ਨਾ ਸਹਿੰਦੀ ਹੋਈ ਕੁੜੀ ਨੇ ਦਮ ਤੋੜ ਦਿੱਤਾ। ਹਾਲਾਂ ਕਿ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੈ। ਇਲਾਕੇ ਵਿਚ ਸਮਾਜ ਸੇਵੀ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਧਰਨੇ ਮੁਜਹਾਰੇ ਲਗਾਏ ਜਾ ਰਹੇ ਹਨ। ਹਰ ਰੋਜ਼ ਪਤਾ ਨਹੀਂ ਕਿੰਨੀਆਂ ਹੀ ਦੇਸ਼ ਵਿਚ ਔਰਤਾਂ ਨਾਲ ਜਬਰ ਜਨਾਹ ਹੁੰਦਾ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਲਗਾਤਾਰ ਹੋ ਰਹੀਆਂ ਹਨ।

7ਸਾਲ ,3 ਮਹੀਨੇ, 8 ਦਿਨ ਬਾਅਦ ਆਖਿਰ ਨਿਰਭਿਆ ਦੇ ਮਾਤਾ ਪਿਤਾ ਨੂੰ ਇਨਸਾਫ਼ ਮਿਲਿਆ ਸੀ ।ਦੋਸ਼ੀਆਂ ਨੂੰ ਸਵੇਰੇ 5:30 ਵਜੇ ਫਾਂਸੀ ਦੇ ਦਿੱਤੀ ਗਈ। ਤਿਹਾੜ ਜੇਲ ਦੇ ਬਾਹਰ ਜਸ਼ਨ ਦਾ ਮਾਹੌਲ ਸੀ। ਲੋਕਾਂ ਨੇ ਇੱਕ ਦੂਜੇ ਨੂੰ ਮਠਿਆਈ ਵੰਡ ਕੇ ਖੁਸ਼ੀ ਮਨਾਈ ।ਅਜਿਹੇ ਦੋਸ਼ੀ ਜੋ ਆਪਣਾ ਕੇਸ ਵਕੀਲਾਂ ਕੋਲ ਲੈ ਕੇ ਜਾਂਦੇ ਹਨ ,ਉਨ੍ਹਾਂ ਵਕੀਲਾਂ ਨੂੰ ਅਜਿਹੇ ਕੇਸ ਨਹੀਂ ਫੜਨੇ ਚਾਹੀਦੇ। ਜੋ ਵੀ ਵਕੀਲ ਅਜਿਹੇ ਕੇਸ ਫੜਦਾ ਹੈ ਉਸ ਦੀ ਬਾਰ ਕੌਂਸਲ ਰਜਿਸਟ੍ਰੇਸ਼ਨ ਤੁਰੰਤ ਕੈਂਸਲ ਕਰੇ । ਅਜਿਹੇ ਬਲਾਤਕਾਰ, ਗੈਂਗਰੇਪ ,ਤੇਜ਼ਾਬੀ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਛੇ ਮਹੀਨੇ ਦੇ ਅੰਦਰ ਅੰਦਰ ਇਨਸਾਫ਼ ਮਿਲਣਾ ਚਾਹੀਦਾ ਹੈ ।ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਛੇ ਮਹੀਨੇ ਦੇ ਅੰਦਰ ਅੰਦਰ ਹੋ ਜਾਣੀ ਚਾਹੀਦੀ ਹੈ । ਫਾਸਟ ਟਰੈਕ ਅਦਾਲਤਾਂ ਵਿੱਚ ਅਜਿਹੇ ਕੇਸਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ।ਤੇਲੰਗਾਨਾ ਵਿੱਚ ਵੀ ਵੈਟਨਰੀ ਡਾਕਟਰ ਨੂੰ ਵੀ ਜ਼ਾਲਮਾਂ ਨੇ ਜਿਉਂਦੇ ਜੀਅ ਸਾੜ ਦਿੱਤਾ ਸੀ। ਉੱਥੋਂ ਦੇ ਪੁਲਿਸ ਕਮਿਸ਼ਨਰ ਨੇ ਐਨਕਾਉਂਟਰ ਵਿੱਚ ਦੋਸ਼ੀ ਮਾਰ ਦਿੱਤੇ।ਪੁਲਿਸ ਕਮਿਸ਼ਨਰ ਦਾ ਸ਼ਲਾਘਾ ਕਦਮ ਸੀ।

ਮਾਂ ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਕਦਰਾ ਕੀਮਤਾ ਬਾਰੇ ਜਾਣੂ ਕਰਵਾਓਣ। ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਣੀ ਚਾਹੀਦੀਆਂ ਹਨ। ਦਰਅਸਲ ਅੱਜਕਲ੍ਹ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਕਹਿਣ ਤੋਂ ਡਰਦੇ ਹਨ। ਕਿਉਂਕਿ ਅੱਜਕਲ ਦੇ ਬੱਚੇ ਗ਼ਲਤ ਕਦਮ ਜਲਦੀ ਚੁੱਕਦੇ ਹਨ। ਮਾ ਬਾਪ ਨੂੰ ਇਹ ਡਰ ਹੁੰਦਾ ਹੈ ਕਿ ਜੇ ਅਸੀਂ ਆਪਣੇ ਬੱਚੇ ਨੂੰ ਝਿੜਕਾਂਗੇ, ਕੱਲ੍ਹ ਨੂੰ ਉਨ੍ਹਾਂ ਦਾ ਬੱਚਾ ਪਤਾ ਨਹੀਂ ਕੀ ਕਰ ਲਵੇ।ਗੁਜਰਾਤ ਦੇ 2002 ਦੇ ਦੰਗਾ-ਪੀੜਤਾਂ ਵਿੱਚ ਇੱਕ ਗਰਭਵਤੀ ਔਰਤ ਨਾਲ ਜਬਰ ਜਨਾਹ ਕਰਨ , ਤੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ। ਤੇ ਉਥੋਂ ਦੀ ਸਰਕਾਰ ਨੇ ਇਸ ਸਾਲ ਆਜ਼ਾਦੀ ਦਿਵਸ ਤੇ ਅਜਿਹੇ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ,ਜੋ ਕਿ ਮੰਦਭਾਗੀ ਘਟਨਾ ਹੈ। ਦੋਸ਼ੀਆਂ ਦੇ ਹੌਂਸਲੇ ਹੋਰ ਬੁਲੰਦ ਹੋ ਜਾਂਦੇ ਹਨ।

ਉਹਨਾਂ ਦੇ ਅੰਦਰ ਬਿਲਕੁਲ ਵੀ ਭੈਅ ਨਹੀਂ ਰਹਿੰਦਾ। ਉਹਨਾਂ ਨੂੰ ਇਹ ਹੁੰਦਾ ਹੈ ਕਿ ਸਰਕਾਰਾਂ ਨੇ ਤਾਂ ਸਾਨੂੰ ਰਿਹਾਅ ਕਰ ਦੇਣਾ ਹੈ। ਹਾਲਾਂ ਕਿ ਸੁਪਰੀਮ ਕੋਰਟ ਨੇ ਵੀ ਉਥੋਂ ਦੀ ਕੋਰਟ ਤੋਂ ਜਵਾਬ ਮੰਗਿਆ ਹੈ । ਇਹ ਬਿਲਕੁਲ ਗ਼ਲਤ ਹੈ।ਝਾਰਖੰਡ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ। ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਡੀ ਸਾਰਿਆਂ ਦੀ ਅਹਿਮ ਜ਼ਿੰਮੇਵਾਰੀ ਹੈ। ਔਰਤ ਸਾਡੇ ਸਮਾਜ ਦਾ ਅਹਿਮ ਹਿੱਸਾ ਹੈ। ਔਰਤ ਹੀ ਜੱਗ ਜਨਣੀ ਹੈ। ਅੱਜ ਦੇਸ਼ ਦੇ ਅਹਿਮ ਅਹੁਦਿਆਂ ਤੇ ਔਰਤਾਂ ਬਿਰਾਜਮਾਨ ਹਨ। ਚਾਹੇ ਉਹ ਥਲ ਸੈਨਾ ਹੋਵੇ ਜਾਂ ਨੇਵੀ ਵਿਚ ਕੋਈ ਵੀ ਅਹਿਮ ਅਹੁਦਾ ਹੋਵੇ। ਅੱਜ ਰਾਸ਼ਟਰਪਤੀ ਦੇ ਅਹਿਮ ਮੁੱਦੇ ਤੇ ਇੱਕ ਨਾਰੀ ਬਿਰਾਜਮਾਨ ਹੈ।

ਮੁੱਖ ਮੰਤਰੀ ਤੱਕ ਕਈ ਸੂਬਿਆਂ ਵਿੱਚ ਨਾਰੀਆਂ ਹਨ। ਪ੍ਰਸ਼ਾਸਨਿਕ ਸੇਵਾਵਾਂ ਬਹੁਤ ਹੀ ਵਧੀਆ ਤਰੀਕੇ ਨਾਲ ਔਰਤਾਂ ਨਿਭਾ ਰਹੀਆਂ ਹਨ। ਫਿਰ ਔਰਤਾਂ ਨਾਲ ਅਜਿਹਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਕਿਉਂ ਜ਼ੁਲਮ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਰਹੀ। ਕਿਉਂ ਉਨ੍ਹਾਂ ਨੂੰ ਸਲਾਖਾਂ ਪਿੱਛੇ ਨਹੀਂ ਰੱਖਿਆ ਜਾ ਰਿਹਾ ਹੈ। ਕਿਉਂ ਉਨ੍ਹਾਂ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ? ਅਜਿਹੇ ਸਵਾਲ ਅੱਜ ਵੀ ਸਾਡੇ ਸਾਹਮਣੇ ਖੜ੍ਹੇ ਹਨ। ਸਾਡੀ ਸਾਰਿਆਂ ਦੀ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ ਕਿ ਸਾਨੂੰ ਔਰਤਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਔਰਤਾਂ ਅੱਜ ਕਿਸੇ ਤੋਂ ਘੱਟ ਨਹੀਂ ਹਨ। ਜਦੋਂ ਕੋਈ ਵੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਹੁੰਦਾ ਹੈ ਤਾਂ ਸਿਖਰਲੀ ਪੁਜੀਸ਼ਨਾਂ ਤੇ ਕੁੜੀਆਂ ਹੀ ਬਾਜ਼ੀ ਮਾਰਦੀਆਂ ਹਨ। ਕੁੜੀਆਂ ਮਾਂ ਬਾਪ ਦਾ ਬਹੁਤ ਧਿਆਨ ਰੱਖਦੀਆਂ ਹਨ।

ਸੂਬਾ ਸਰਕਾਰਾਂ ਨੂੰ ਕੁੜੀਆਂ ਦੇ ਹਿੱਤਾਂ ਦੀ ਰਾਖੀ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਹਨ। ਅਜਿਹਾ ਕੋਈ ਵੀ ਦੋਸ਼ੀ ਹੁੰਦਾ ਹੈ ਜਾਂ ਉਹ ਅਜਿਹੀ ਘਿਨੌਣੀ ਹਰਕਤ ਕਰਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਜਾਣ। ਨਿਆਂ ਪ੍ਰਣਾਲੀ ਵਿੱਚ ਸੁਧਾਰ ਹੋਣਾ ਚਾਹੀਦਾ ਹੈ। ਜੋ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਜਲਦੀ ਤੋਂ ਜਲਦੀ ਫਾਸਟ ਟਰੈਕ ਵਿੱਚ ਅਜਿਹੇ ਕੇਸ ਲਗਾ ਕੇ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ । ਅਜਿਹੇ ਅਪਰਾਧ ਰੋਕਣ ਲਈ ਸਮਾਜ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

ਸੰਜੀਵ ਸਿੰਘ ਸੈਣੀ

ਮੁਹਾਲੀ 7888966168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਤੱਥ
Next articleਖੁੱਲੀ ਕਵਿਤਾ..…!!