(ਸਮਾਜ ਵੀਕਲੀ)
ਸਿੱਖਿਆ ਵਿਭਾਗ ਪੰਜਾਬ ਵਿਚ ਅਨੇਕਾਂ ਹੀ ਕਿਸਮਾਂ ਦੇ ਅਧਿਆਪਕ ਮਿਲਦੇ ਹਨ ਮਸਲਨ ਕੱਚੇ, ਪੱਕੇ, ਤਿੰਨ ਸਾਲਾਂ ਦੇ ਪ੍ਰੋਬੇਸ਼ਨ ਪੀਰੀਅਡ ਵਾਲੇ, ਠੇਕਾ ਆਧਾਰਿਤ , ਈਜੀਐਸ ਅਧਿਆਪਕ, ਸਿੱਖਿਆ ਪ੍ਰੋਵਾਈਡਰ, ਪੇਂਡੂ ਸਹਿਯੋਗੀ ਅਧਿਆਪਕ, ਸਿੱਖਿਆ ਵਾਲੰਟੀਅਰ, ਸਰਵ ਸਿੱਖਿਆ ਅਭਿਆਨ ਤੇ ਰਮਸਾ ਤਹਿਤ ਵਿਭਾਗ ਵਿੱਚ ਪੱਕੇ ਹੋਏ ਅਧਿਆਪਕ, ਪ੍ਰੀ- ਪ੍ਰਾਇਮਰੀ ਅਧਿਆਪਕ, ਸਿੱਖਿਆ ਵਿਭਾਗ ਵਿੱਚ ਆਉਣ ਲਈ ਤਰਲੋਮੱਛੀ ਹੋ ਰਹੇ ਕੰਪਿਊਟਰ ਅਧਿਆਪਕਾਂ ਤੋਂ ਇਲਾਵਾ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਰਾਹੀਂ ਉੱਚ ਡਿਗਰੀ ਪ੍ਰਾਪਤ ਨਿਗੂਣੀਆਂ ਤਨਖਾਹਾਂ ਤੇ ਰੈਗੂਲਰ ਗਰੇਡ ਵਾਸਤੇ ਸੰਘਰਸ਼ ਕਰਦੇ ਓ. ਡੀ. ਐਲ ਭਾਵ ਓਪਨ ਡਿਸਟੈਂਸ ਲਰਨਿੰਗ ਅਧਿਆਪਕ ਵੀ ਆਮ ਲੋਕਾਂ ਦੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹੁੰਦਿਆਂ ਸੰਘਰਸ਼ਾਂ ਦੇ ਰਾਹ ਤੇ ਤੁਰ ਪਏ ਹਨ।
ਓ .ਡੀ .ਐੱਲ ਅਧਿਆਪਕਾਂ ਦਾ ਮਸਲਾ ਸਰਕਾਰਾਂ ਅਤੇ ਅਫ਼ਸਰ ਸ਼ਾਹੀ ਦੀ ਬਦਨੀਤੀ ਕਾਰਨ ਦਿਨ -ਬ -ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ । ਓ .ਡੀ .ਐੱਲ ਅਧਿਆਪਕਾਂ ਅਨੁਸਾਰ ਲਗਭਗ 11-12 ਵਰ੍ਹੇ ਪਹਿਲਾਂ ਹੋਈ 7654 ਅਧਿਆਪਕਾਂ ਦੀ ਭਰਤੀ ਵਿੱਚੋਂ ਤਕਰੀਬਨ 75 ਤੇ 3442 ਵਿਚੋਂ ਲਗਭਗ 50 ਅਧਿਆਪਕਾਂ ਨੂੰ, ਇਸ ਲਈ ਰੈਗੂਲਰ ਨਹੀਂ ਕੀਤਾ ਗਿਆ ਕਿ ਇੰਨਾਂ ਨੇ ਉੱਚ ਸਿੱਖਿਆ, ਪੰਜਾਬ ਤੋਂ ਬਾਹਰ ਦੀਆਂ ਉਹਨਾਂ ਯੂਨੀਵਰਸਿਟੀਆਂ ਤੋਂ ਹਾਸਲ ਕੀਤੀ ਸੀ, ਜਿੰਨਾਂ ਬਾਰੇ ਯੂਜੀਸੀ ਨੇ 27/06/2013 ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਦੇ ਪ੍ਰੀਖਿਆ ਕੇਂਦਰਾਂ ਵਾਲਾ ਮਾਨਤਾ ਰੱਦ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਸੀ। ਇਹਨਾਂ ਅਧਿਆਪਕਾਂ ਨੇ ਮਜਬੂਰੀਵੱਸ, ਉੱਚ ਯੋਗਤਾ ਇੰਨਾਂ ਬਾਹਰ ਦੀਆਂ ਸਰਕਾਰੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਹਾਸਲ ਕਰ ਲਈ ਸੀ, ਜਦਕਿ ਇੰਨਾਂ ਚੋਂ ਜਿਆਦਾਤਰ ਕੋਰਸ ਇੱਥੇ ਹੁੰਦੇ ਹੀ ਨਹੀਂ ਸਨ।
ਹੁਣ ਇਹਨਾਂ ਦੋਵੇਂ ਭਰਤੀਆਂ ਤੇ ਇਹ ਓ .ਡੀ .ਐਲ ਭਾਵ ਓਪਨ ਡਿਸਟੈਂਸ ਲਰਨਿੰਗ ਦਾ ਨਿਯਮ ਕਿਸੇ ਵੀ ਤਰਾਂ ਨਾਲ ਲਾਗੂ ਨਹੀਂ ਹੋ ਸਕਦਾ ਸੀ, ਕਿਉਂਕਿ ਇਹ ਭਰਤੀਆਂ ਪਹਿਲਾਂ ਹੀ ਨੇਪਰੇ ਚੜ੍ਹ ਚੁੱਕੀਆਂ ਸਨ ਤੇ ਇਸ਼ਤਿਹਾਰ ‘ਚ ਵੀ ਇਹ ਸ਼ਰਤ ਨਹੀਂ ਸੀ। ਇਸ ਸੰਬੰਧੀ ਪਿਛਲੇ ਸੱਤ ਸਾਲਾਂ ਤੋਂ ਇੰਨਾਂ ਅਧਿਆਪਕਾਂ ਨੇ ਕੋਈ ਅਫਸਰਸ਼ਾਹ, ਕੋਈ ਮੰਤਰੀ ਨਹੀਂ ਛੱਡਿਆ ਪਰ ਕਿਸੇ ਨੇ ਵੀ ਇਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਇਹ ਅਧਿਆਪਕ 2018 ‘ਚ ਆਪਣੇ ਜਾਇਜ ਹੱਕ ਲਈ ਹਾਈਕੋਰਟ ਪਹੁੰਚੇ ਤੇ 2019 ‘ਚ ਕੋਰਟ ਨੇ ਇੰਨਾਂ ਦੇ ਹੱਕ ‘ਚ ਫੈਸਲਾ ਵੀ ਦੇ ਦਿੱਤਾ ਪਰ ਪਿਛਲੀ ‘ਲੋਕਹਿਤੈਸ਼ੀ’ ਸਰਕਾਰ ਨੇ ਆਪਣੀ ਅਫ਼ਸਰਸ਼ਾਹੀ ਦੀ ਸਲਾਹ ਤੇ, ਸਿਰਫ ਇੰਨਾਂ ਅਧਿਆਪਕਾਂ ਦੇ ਮਸਲੇ ਨੂੰ ਲਟਕਾਉਣ ਹਿੱਤ 2019 ਵਿੱਚ ਡਬਲ ਬੈਂਚ ਕੋਲ ਇਸ ਫੈਸਲੇ ਖਿਲਾਫ ਅਪੀਲ ਕਰ ਦਿੱਤੀ।ਜੇਕਰ ਸਰਕਾਰ ਇਸ ਮਸਲੇ ਸਬੰਧੀ ਸੰਜੀਦਾ ਹੋਵੇ ਤਾਂ ਇਨ੍ਹਾਂ ਅਧਿਆਪਕਾਂ ਨੂੰ ਰਾਹਤ ਦਿੰਦਿਆਂ ਰੈਗੂਲਰ ਗਰੇਡ ਤੇ ਪੱਕੇ ਕੀਤਾ ਜਾ ਸਕਦਾ ਹੈ ।
ਇਹ ਅਧਿਆਪਕ ਮਾਨਸਿਕ ਅਤੇ ਆਰਥਿਕ ਪੀੜਾ ਵਿੱਚੋਂ ਗੁਜ਼ਰ ਰਹੇ ਹਨ। ਇਨ੍ਹਾਂ ਵਿਚੋਂ ਕੁਝ ਅਧਿਆਪਕ ਮਨੋਰੋਗੀ ਹੋ ਚੁੱਕੇ ਹਨ ਜਦਕਿ ਮਾਨਸਿਕ ਬੋਝ ਸਦਕਾ ਇਕ ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ ਹੋ ਵੀ ਹੋ ਗਈ ਅਤੇ ਕੁਝ ਅਧਿਆਪਕਾਂ ਦੇ ਤਾਂ ਰਿਸ਼ਤੇ ਵੀ ਟੁੱਟ ਗਏ । ਰੈਗੂਲਰ ਹੋਣ ਲਈ ਇਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਇਨ੍ਹਾਂ ਅਧਿਆਪਕਾਂ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸਮਾਜਿਕ ਤੇ ਆਰਥਿਕ ਮਨੋ ਦਸ਼ਾ ਪ੍ਰਤੀ ਸਮਿਆਂ ਦੀਆਂ ਦੀਆਂ ਸਰਕਾਰਾਂ ਵੱਲੋਂ ਹਮਦਰਦੀਪੂਰਨ ਰਵੱਈਆ ਨਾ ਅਪਨਾਉਣ ਸਦਕਾ ਹੁਣ ਇਹ ਅਧਿਆਪਕ ਭਰਾਤਰੀ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸਹਿਯੋਗ ਨਾਲ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੈਲੀ ਦੀ ਤਿਆਰੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਹਿੱਤ ਅਧਿਆਪਕਾਂ ਨੂੰ ਲਾਮਬੰਦ ਕਰ ਰਹੇ ਹਨ । ਇਨ੍ਹਾਂ ਅਧਿਆਪਕਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਖਾਤਰ ਹਰੇਕ ਸ਼ਖ਼ਸ ਨੂੰ ਇਨ੍ਹਾਂ ਦਾ ਸਹਿਯੋਗ ਕਰਨਾ ਲੋੜਦਾ ਹੈ ।
ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ:94646-01001
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly