‘ਕੋਵਿਡ 19’ ਦੇ ਕਾਰਨ ‘ਟੋਕੀਓ ਓਲੰਪਿਕਸ’ ਪ੍ਰਤੀ ਅਨਿਸ਼ਚਿਤਤਾ ਦੇ ਚੱਲਦਿਆਂ ਸ਼ੁੱਕਰਵਾਰ ਓਲੰਪਿਕ ਖੇਡਾਂ ਦੀ ਮਸ਼ਾਲ ਜਾਪਾਨ ਪਹੁੰਚੀ ਜਿਸਦਾ ਸਧਾਰਨ ਸਮਾਰੋਹ ਵਿੱਚ ਸਵਾਗਤ ਕੀਤਾ ਗਿਆ। ਵਿਸ਼ੇਸ਼ ਲਾਲਟੈਨ ਨਾਲ ਢੱਕੀ ਹੋਈ ਮਸ਼ਾਲ ਚਾਰਟਰਡ ਫਲਾਈਟ ਰਾਹੀਂ ਇੱਥੇ ਉੱਤਰੀ ਜਾਪਾਨ ਦੇ ਮਾਤਸੁਸ਼ਿਮਾ ਏਅਰ ਬੇਸ ’ਤੇ ਪਹੁੰਚੀ ਜਿਸ ਦਾ ਇੱਥੇ ਫਿੱਕਾ ਜਿਹਾ ਸਵਾਗਤ ਕੀਤਾ ਗਿਆ। ਸਮਾਗਮ ਦੇ ਪ੍ਰਬੰਧਕਾਂ ਨੂੰ ਕੁਝ ਕਾਰਨਾਂ ਕਰਕੇ ਇਸ ਦੇ ਸਵਾਗਤ ਲਈ 200 ਸਕੂਲੀ ਬੱਚਿਆਂ ਨੂੰ ਬੁਲਾਉਣ ਦਾ ਪ੍ਰੋਗਰਾਮ ਰੱਦ ਕਰਨਾ ਪਿਆ।
ਸਾਬਕਾ ਓਲੰਪਿਕ ਜੂਡੋ ਚੈਂਪੀਅਨ ਸਾਓਰੀ ਯੋਸ਼ੀਦਾ ਅਤੇ ਤਾਦਾਹੀਰੋ ਨੋਮੂਰਾ ਨੇ ਰਵਾਇਤੀ ਤਲਾਅ ਵਿੱਚ ਕੁਝ ਅਧਿਕਾਰੀਆਂ ਅਤੇ ਮਹਿਮਾਨਾਂ ਦੇ ਸਾਹਮਣੇ ਜਾਪਾਨ ਵਿੱਚ ਪਹੁੰਚੀ ਮਸ਼ਾਲ ਜਗਾ ਦਿੱਤੀ। ‘ਟੋਕੀਓ 2020’ ਦੇ ਮੁਖੀ ਯੋਸ਼ੀਰੋ ਮੂਰੀ ਨੇ ਕਿਹਾ, “ਬੱਚੇ ਇਸ ਮਸ਼ਾਲ ਦਾ ਸਵਾਗਤ ਕਰਨ ਲਈ ਆਉਣ ਵਾਲੇ ਸਨ ਪਰ ਸੁਰੱਖਿਆ ਦੇ ਮੱਦੇਨਜ਼ਰ ਸਮਾਗਮ ਨੂੰ ਰੱਦ ਕਰਨਾ ਪਿਆ।” ਮਸ਼ਾਲ ਦੀ ਰਿਲੇਅ 26 ਮਾਰਚ ਨੂੰ ਫੁਕੂਸ਼ਿਮਾ ਦੇ ਜੇ-ਵਿਲੇਜ ਸਪੋਰਟਸ ਕੰਪਲੈਕਸ ਤੋਂ ਸ਼ੁਰੂ ਹੋਵੇਗੀ। ਪ੍ਰਬੰਧਕਾਂ ਨੇ ਮਸ਼ਾਲ ਦੇ ਰਸਤੇ ’ਚ ਇੱਕਠੇ ਨਾ ਹੋਣ ਦੀ ਅਪੀਲ ਕੀਤੀ ਹੈ।
HOME ਓਲੰਪਿਕ ਮਸ਼ਾਲ ਦਾ ਜਾਪਾਨ ’ਚ ਫਿੱਕਾ ਸਵਾਗਤ