ਓਲੰਪਿਕ ਚੈਂਪੀਅਨ ਅਰਜਨਟੀਨਾ ਵਿਸ਼ਵ ਹਾਕੀ ਕੱਪ ‘ਚੋਂ ਬਾਹਰ ਹੋ ਗਿਆ ਹੈ। ਅੱਜ ਖੇਡੇ ਗਏ ਫਸਵੇਂ ਕੁਆਰਟਰ ਫਾਈਨਲ ਮੈਚ ਵਿੱਚ ਵਿਸ਼ਵ ਦੀ ਸੱਤਵੇਂ ਨੰਬਰ ਦੀ ਟੀਮ ਇੰਗਲੈਂਡ ਨੇ ਵੱਡਾ ਉਲਟਫੇਰ ਕਰਦਿਆਂ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੂੰ 3-2 ਦੇ ਫਰਕ ਨਾਲ਼ ਹਰਾ ਦਿੱਤਾ ਹੈ। ਸੈਮੀ ਫਾਈਨਲ ਵਿੱਚ ਇੰਗਲੈਂਡ ਦਾ ਮੁਕਾਬਲਾ ਹੁਣ ਜਰਮਨੀ ਅਤੇ ਬੈਲਜੀਅਮ ਦੇ ਮੈਚ ‘ਚੋਂ ਜੇਤੂ ਰਹਿਣ ਵਾਲ਼ੀ ਟੀਮ ਨਾਲ15 ਦਸੰਬਰ ਨੂੰ ਹੋਵੇਗਾ। ਦੂਜੇ ਕੁਆਰਟਰ ਫਾਈਨਲ ਮੈਚ ਵਿੱਚ ਪਿਛਲੇ ਸਾਲ ਦੀ ਜੇਤੂ ਆਸਟਰੇਲੀਆ ਨੇ ਫਰਾਂਸ ਨੂੰ 3-0 ਦੇ ਫਰਕ ਨਾਲ ਹਰਾ ਦਿੱਤਾ। ਸੈਮੀ ਫਾਈਨਲ ਵਿੱਚ ਆਸਟਰੇਲੀਆ ਦੀ ਟੀਮ ਭਾਰਤ-ਨੀਦਰਲੈਂਡ ਮੈਚ ਦੀ ਜੇਤੂ ਟੀਮ ਨਾਲ ਖੇਡੇਗੀ। ਇੰਗਲੈਂਡ ਅਤੇ ਅਰਜਨਟੀਨਾ ਦਾ ਮੈਚ ਮਿਆਰੀ ਹਾਕੀ ਅਤੇ ਸ਼ਾਨਦਾਰ ਗੋਲਾਂ ਤੋਂ ਇਲਾਵਾ ਦਰਸ਼ਕਾਂ ਦੇ ਜੋਸ਼ ਸਦਕਾ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਬਿਹਤਰੀਨ ਮੈਚ ਹੋ ਨਿਬੜਿਆ। ਇਸ ਮੈਚ ਵਿੱਚ ਸਭ ਤੋਂ ਵੱਧ ਵੀਡੀਓ ਰੈਫਰਲ ਕੀਤੇ ਗਏ। ਦੋਹਾਂ ਟੀਮਾਂ ਦੇ ਖਿਡਾਰੀਆਂ ਉਪਰ ਇਸ ਮੈਚ ਨੂੰ ਲੈ ਕੇ ਮਾਨਸਿਕ ਦਬਾਅ ਵੀ ਸੀ ਜਿਸ ਕਰਕੇ ਅੰਪਾਇਰਾਂ ਵਲੋਂ ਅਰਜਨਟੀਨਾ ਨੂੰ 2 ਪੀਲੇ ਕਾਰਡ ਅਤੇ 2 ਹਰੇ ਕਾਰਡ ਦਿਖਾਏ ਗਏ। ਦੂਜੇ ਪਾਸੇ ਇੰਗਲੈਂਡ ਦੇ ਖਿਡਾਰੀਆਂ ਨੂੰ 2 ਪੀਲੇ ਕਾਰਡ ਅਤੇ ਇੱਕ ਹਰਾ ਕਾਰਡ ਹੋਇਆ। ਦੋਹਾਂ ਟੀਮਾਂ ਵਲੋਂ ਦਿਖਾਈ ਬਰਾਬਰ ਦੀ ਖੇਡ ਸਦਕਾ ਪਹਿਲਾ ਕੁਆਰਟਰ ਗੋਲ ਰਹਿਤ ਬਰਾਬਰੀ ਤੇ ਖਤਮ ਹੋਇਆ। ਦੂਜੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਅਰਜਨਟੀਨਾ ਨੇ ਉਸ ਸਮੇਂ ਖਾਤਾ ਖੋਲ੍ਹਿਆ ਜਦੋਂ ਪੀਲਟ ਗੌਜ਼ਟਲੋ ਨੇ ਪੈਨਲਟੀ ਕਾਰਨਰ ਨੂੰ ਗੋਲ਼ ਵਿੱਚ ਬਦਲ ਦਿੱਤਾ।ਦਸ ਮਿੰਟਾਂ ਬਾਅਦ ਹੀ ਬੈਰੀ ਮਿਡਲਟੌਨ ਦੇ ਫੀਲਡ ਗੋਲ ਸਦਕਾ ਇੰਗਲੈਂਡ ਨੇ ਬਰਾਬਰੀ ਕਰ ਲਈ।ਇਸ ਤੋਂ ਬਾਅਦ ਦੋਵੇਂ ਟੀਮਾਂ ਵਲੋਂ ਲਗਾਤਾਰ ਗੋਲ਼ ਹੋਏ। ਇੰਗਲੈਂਡ ਵਲੋਂ ਕੈਲਨਾਨ ਵਿੱਲ(45ਵੇਂ ਮਿੰਟ) ਅਤੇ ਹੈਰੀ ਮਾਰਟਿਨ(49ਵੇਂ) ਨੇ ਗੋਲ ਕੀਤੇ ਜਦ ਕਿ ਅਰਜਨਟੀਨਾ ਵਲੋਂ ਪੀਲਟ ਗੌਜ਼ਟਲੋ(48ਵੇਂ ਮਿੰਟ) ਨੇ ਗੋਲ ਕੀਤਾ।ਮੈਚ ਦੇ ਆਖਰੀ ਮਿੰਟਾਂ ਵਿੱਚ ਅਰਜਨਟੀਨਾ ਦੀ ਟੀਮ ਇੰਗਲੈਂਡ ਉਪਰ ਦਬਾਅ ਬਣਾਉਣ ਵਿੱਚ ਕਾਮਯਾਬ ਵੀ ਰਹੀ ਪਰ ਗੋਲ ਕਰਨ ਵਿੱਚ ਅਸਫਲ ਰਹੀ। ਇੰਗਲੈਂਡ ਦੇ ਐਂਸਲ ਇਆਮ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੂਜੇ ਕੁਆਰਟਰ ਫਾਈਨਲ ਮੈਚ ਵਿੱਚ ਵਿਸ਼ਵ ਦੀ ਇੱਕ ਨੰਬਰ ਟੀਮ ਆਸਟਰੇਲੀਆ ਨੂੰ ਫਰਾਂਸ ਉਪਰ ਦਬਾਅ ਬਣਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਇਸ ਮੈਚ ਦੀ ਖਾਸੀਅਤ ਇਹ ਰਹੀ ਕਿ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਹੇਠਲੀ ਰੈਕਿੰਗ(20ਵੀਂ) ਦੀ ਟੀਮ ਫਰਾਂਸ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਵਿਰੁੱਧ ਪੂਰੀ ਦਲੇਰੀ ਨਾਲ ਖੇਡੀ। ਸਟਰੇਲੀਆ ਵਲੋਂ ਸਾਰੇ ਗੋਲ਼ ਪੈਨਲਟੀ ਕਾਰਨਰ ਰਾਹੀਂ ਹੋਏ। ਇਹ ਗੋਲ਼ ਜੈਰਮੀ ਹੈਵਾਰਡ(ਚੌਥੇ ਮਿੰਟ),ਬਲੈਕ ਗੋਵਰਜ਼(19ਵੇਂ) ਅਤੇ ਐਰਨ ਜ਼ੈਲਵਾਸਕੀ(37ਵੇਂ) ਨੇ ਕੀਤੇ। ਫਰਾਂਸ ਦੀ ਟੀਮ ਭਾਵੇਂ ਇਸ ਵਿਸ਼ਵ ਕੱਪ ‘ਚੋਂ ਬਾਹਰ ਹੋ ਗਈ ਪਰ 28 ਸਾਲਾਂ ਬਾਅਦ ਵਿਸ਼ਵ ਕੱਪ ਖੇਡਣ ਆਈ ਇਸ ਟੀਮ ਨੇ ਆਪਣੀ ਖੇਡ ਰਾਹੀਂ ਸਭ ਨੂੰ ਪ੍ਰਭਾਵਿਤ ਕੀਤਾ।