ਓਲਡ ਟਰੈਫਰਡ ਸਟੇਡੀਅਮ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ

ਮਾਨਚੈਸਟਰ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਹੋਏ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਸੈਮੀ-ਫਾਈਨਲ ਮੈਚ ਤੋਂ ਪਹਿਲਾਂ ਓਲਡ ਟਰੈਫਰਡ ਸਟੇਡੀਅਮ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ ਗਿਆ। ਸ੍ਰੀਲੰਕਾ ਖ਼ਿਲਾਫ਼ ਹੈਡਿੰਗਲੇ ਵਿੱਚ ਟੀਮ ਇੰਡੀਆ ਦੇ ਲੀਗ ਮੈਚ ਦੌਰਾਨ ਨਿੱਜੀ ਜਹਾਜ਼ ਰਾਹੀਂ ਭਾਰਤ ਵਿਰੋਧੀ ਬੈਨਰ ਲਹਿਰਾਏ ਗਏ ਸਨ, ਜਿਸ ਮਗਰੋਂ ਇਹ ਕਦਮ ਉਠਾਇਆ ਗਿਆ। ਇਹ ਫ਼ੈਸਲਾ ਇੱਥੇ ਸਥਾਨਕ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਮਗਰੋਂ ਲਿਆ ਗਿਆ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਨੇ ਬੀਸੀਸੀਆਈ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਫ਼ੈਸਲੇ ਦੇ ਜਾਣਕਾਰ ਬੀਸੀਸੀਆਈ ਦੇ ਅਧਿਕਾਰੀ ਨੇ ਨਾਂਅ ਨਾ ਛਾਪਣ ’ਤੇ ਦੱਸਿਆ, ‘‘ਅਸੀਂ ਸਾਡੇ ਖਿਡਾਰੀਆਂ ਦੀ ਸੁਰੱਖਿਆ ਦਾ ਮੁੱਦਾ ਸਪਸ਼ਟ ਤੌਰ ’ਤੇ ਉਠਾਇਆ ਸੀ। ਇਸ ਤਹਿਤ ਈਸੀਬੀ ਨੇ ਸੀਈਓ ਰਾਹੁਲ ਜੌਹਰੀ ਨੂੰ ਪੁਸ਼ਟੀ ਕੀਤੀ ਕਿ ਇੱਕ ਦਿਨ ਲਈ ਓਲਡ ਟਰੈਫਰਡ ਦੇ ਹਵਾਈ ਖੇਤਰ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ ਗਿਆ ਹੈ।’’ ਭਾਰਤ ਤੇ ਸ੍ਰੀਲੰਕਾ ਵਿਚਾਲੇ ਮੈਚ ਦੌਰਾਨ ਹੈਂਡਿੰਗਲੇ ਦੇ ਹਵਾਈ ਖੇਤਰ ਵਿੱਚ ਬਰੈਡਫੋਰਡ ਤੋਂ ਨਿੱਜੀ ਜਹਾਜ਼ ਨੇ ਉਡਾਣ ਭਰੀ ਸੀ, ਜਿਸ ’ਤੇ ‘ਭਾਰਤ ਭੀੜ ਵੱਲੋਂ ਕੀਤੀ ਜਾਂਦੀ ਹੱਤਿਆ ਬੰਦ ਕਰੋ’ ਅਤੇ ‘ਕਸ਼ਮੀਰ ਲਈ ਇਨਸਾਫ਼’ ਬੈਨਰ ਲਹਿਰਾਏ ਗਏ ਸਨ।

Previous articleਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਭਾਰਤ ਦਾ ਪੱਲੜਾ ਭਾਰੀ
Next articleਵੇਟਲਿਫਟਿੰਗ: ਮੀਰਾਬਾਈ ਚਾਨੂ ਨੇ ਸੋਨ ਤਗ਼ਮਾ ਜਿੱਤਿਆ