ਓਮੀਕਰੋਨ: ਮਰੀਜ਼ ਵਧਣ ਪਿੱਛੋਂ ਸਰਕਾਰਾਂ ਚੌਕਸ

 

  • ਕੌਮੀ ਰਾਜਧਾਨੀ ’ਚ ਫਿਲਹਾਲ ਜਾਰੀ ਰਹੇਗਾ ‘ਯੈਲੋ’ ਅਲਰਟ
  • ਮਮਤਾ ਬੈਨਰਜੀ ਵੱਲੋਂ ਸੂਬੇ ਵਿਚਲੇ ਹਾਲਾਤ ਦੀ ਸਮੀਖਿਆ

ਨਵੀਂ ਦਿੱਲੀ (ਸਮਾਜ ਵੀਕਲੀ):   ਦੇਸ਼ ਅੰਦਰ ਕਰੋਨਾਵਾਇਰਸ ਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਦੇ ਕੇਸਾਂ ’ਚ ਲਗਾਤਾਰ ਵਾਧਾ ਹੋਣ ਕਾਰਨ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੀ ਚਿੰਤਾ ਵਧ ਗਈ ਹੈ ਅਤੇ ਕੁਝ ਰਾਜਾਂ ਵੱਲੋਂ ਇਹਤਿਆਤ ਵਜੋਂ ਨਵੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਗਲੇ ਮਹੀਨੇ ਹੋਣ ਵਾਲਾ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਉੱਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਰੋਨਾ ਦੇ ਹਾਲਾਤ ਦੀ ਸਮੀਖਿਆ ਲਈ ਮੀਟਿੰਗ ਕੀਤੀ ਤੇ ਪਾਬੰਦੀਆਂ ਮੁੜ ਲਾਉਣ ਦੇ ਸੰਕੇਤ ਦਿੱਤੇ। ਇਸੇ ਦੌਰਾਨ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਅੱਜ ਫ਼ੈਸਲਾ ਕੀਤਾ ਕਿ ਦਿੱਲੀ ’ਚ ‘ਯੈਲੋ ਅਲਰਟ’ ਤਹਿਤ ਕਰੋਨਾ ਪਾਬੰਦੀਆਂ ਫਿਲਹਾਲ ਜਾਰੀ ਰਹਿਣਗੀਆਂ ਤੇ ਨਵੀਆਂ ਪਾਬੰਦੀਆਂ ਤੋਂ ਪਹਿਲਾਂ ਅਧਿਕਾਰੀ ਕੁਝ ਸਮਾਂ ਸਥਿਤੀ ਦੀ ਨਿਗਰਾਨੀ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਹੁਣ ਤੱਕ ਓਮੀਕਰੋਨ ਦੇ ਕੁੱਲ 781 ਕੇਸ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ 241 ਵਿਅਕਤੀ ਜਾਂ ਤਾਂ ਸਿਹਤਯਾਬ ਹੋ ਚੁੱਕੇ ਹਨ ਜਾਂ ਵਿਦੇਸ਼ ਜਾ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਦਿੱਲੀ ’ਚ ਸਭ ਤੋਂ ਵੱਧ 238 ਕੇਸ ਦਰਜ ਕੀਤੇ ਗਏ ਹਨ ਜਦਕਿ ਬੀਤੇ ਦਿਨ ਇੱਥੇ ਓਮੀਕਰੋਨ ਦੇ 165 ਕੇਸ ਸਨ। ਇਸ ਤੋਂ ਬਾਅਦ ਮਹਾਰਾਸ਼ਟਰ ’ਚ 167, ਗੁਜਰਾਤ ’ਚ 73, ਕੇਰਲ ’ਚ 65 ਅਤੇ ਤਿਲੰਗਾਨਾ ’ਚ 62 ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਕੋਵਿਡ-19 ਦੇ ਵੀ ਨਵੇਂ 9,195 ਕੇਸ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 3,48,08,886 ਹੋ ਗਈ ਜਦਕਿ 302 ਹੋ ਮੌਤਾਂ ਹੋਣ ਨਾਲ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੱਧ ਕੇ 4,80,592 ਹੋ ਗਿਆ ਹੈ।

ਮੰਤਰਾਲੇ ਅਨੁਸਾਰ ਕੌਮੀ ਰਾਜਧਾਨੀ ’ਚ ਓਮੀਕਰੋਨ ਤੋਂ ਬਾਅਦ ਕਰੋਨਾਵਾਇਰਸ ਦੇ ਕੇਸਾਂ ’ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ’ਚ ਬੀਤੇ ਦਿਨ ਕਰੋਨਾ ਦੇ 496 ਕੇਸ ਸਾਹਮਣੇ ਆਏ ਹਨ ਜੋ 4 ਜੂਨ ਮਗਰੋਂ ਸਭ ਤੋਂ ਵੱਧ ਹਨ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਤੇ ਇਹ 77,002 ਹੋ ਗਈ ਹੈ। ਪਿਛਲੇ 24 ਘੰਟਿਆਂ ਅੰਦਰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ 1546 ਦਾ ਵਾਧਾ ਹੋਇਆ ਹੈ। ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 98.40 ਫੀਸਦ ਜਦਕਿ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਰੀਜ਼ਾਂ ਦੀ ਦਰ 0.79 ਫੀਸਦ ਹੈ। ਦੇਸ਼ ’ਚ ਹੁਣ ਤੱਕ 3,42,51,292 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ ਤੇ ਕੌਮੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕਰੋਨਾ ਰੋਕੂ ਟੀਕੇ ਦੀਆਂ 142.15 ਕਰੋੜ ਤੋਂ ਵੱਧ ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ।

ਇਸੇ ਦੌਰਾਨ ਦਿੱਲੀ ਸਰਕਾਰ ਵੱਲੋਂ ਮੈਟਰੋ ਤੇ ਬੱਸਾਂ ਵਿੱਚ 50 ਫੀਸਦ ਸਮਰੱਥਾ ਨਾਲ ਹੀ ਸਵਾਰੀਆਂ ਦੇ ਸਫ਼ਰ ਕਰਨ ਦੇ ਆਦੇਸ਼ਾਂ ਮਗਰੋਂ ਮੈਟਰੋ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਪਰ ਆਮ ਲੋਕਾਂ ਦੀਆਂ ਲੰਮੀ ਕਤਾਰਾਂ ਦੇਖੀਆਂ ਗਈਆਂ ਅਤੇ ਲੋਕ ਦੇਰੀ ਨਾਲ ਆਪਣੀਆਂ ਮੰਜ਼ਿਲਾਂ ਉਪਰ ਪੁੱਜੇ। ਮੈਟਰੋ ਦੇ ਕੁੱਲ ਸਟੇਸ਼ਨਾਂ ਦੇ 712 ਗੇਟਾਂ ਵਿੱਚੋਂ 444 ਹੀ ਖੋਲ੍ਹੇ ਜਾਣ ਕਾਰਨ ਇਹ ਕਤਾਰਾਂ ਲੱਗੀਆਂ। ਦਿੱਲੀ ਮੈਟਰੋ ਤੇ ਬੱਸਾਂ ਵਿੱਚ ਹੁਣ ਖੜ੍ਹੇ ਹੋ ਕੇ ਸਵਾਰੀ ਕਰਨ ਦੀ ਆਗਿਆ ਵੀ ਨਹੀਂ ਦਿੱਤੀ ਗਈ। ਮੈਟਰੋ ਪ੍ਰਸ਼ਾਸਨ ਵੱਲੋਂ ਕਈ ਸਟੇਸ਼ਨਾਂ ਉੱਪਰ ਇਕ ਸਮੇਂ ਸਿਰਫ਼ 15 ਲੋਕਾਂ ਨੂੰ ਸਟੇਸ਼ਨ ਵਿੱਚ ਦਾਖ਼ਲ ਹੋਣ ਦਿੱਤਾ ਜਾਂਦਾ ਹੈ। ਇਸੇ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਨਾ ਲਾਉਣ ਕਾਰਨ ਦੇਸ਼ ’ਚ ਕਰੋਨਾ ਦੇ ਕੇਸ ਵੱਧ ਰਹੇ ਹਨ।

ਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਨੇ ਲੋਕਾਂ ਨਵੇਂ ਸਾਲ ਦੇ ਜਸ਼ਨਾਂ ’ਤੇ ਪਾਬੰਦੀ ਲਾਉਂਦਿਆਂ 60 ਤੋਂ ਵੱਧ ਉਮਰ ਦੇ ਲੋਕਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਨਹੀਂ ਕਰਨਗੇ ਉਦੋਂ ਤੱਕ ਕਰੋਨਾ ਮਹਾਮਾਰੀ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਗ੍ਰਹਿ ਮੰਤਰੀ ਨੇ 15 ਤੋਂ 18 ਉਮਰ ਵਰਗ ਦੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਤਿੰਨ ਜਨਵਰੀ ਤੋਂ ਆਪਣੀ ਵਾਰੀ ਆਉਣ ’ਤੇ ਜਲਦੀ ਤੋਂ ਜਲਦੀ ਕਰੋਨਾ ਰੋਕੂ ਟੀਕਾ ਲਗਵਾਉਣ। ਉਨ੍ਹਾਂ ਗਾਂਧੀਨਗਰ ’ਚ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਮਗਰੋਂ ਪ੍ਰਸ਼ਾਸਨ ਨੂੰ ਚੌਕਸ ਰਹਿਣ ਲਈ ਕਿਹਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਤਮਾ ਗਾਂਧੀ ਬਾਰੇ ਗਲਤ ਬਿਆਨੀ ਕਰਨ ਵਾਲਾ ਕਾਲੀਚਰਨ ਮਹਾਰਾਜ ਗ੍ਰਿਫ਼ਤਾਰ
Next articleਅਰਜੁਨ ਕਪੂਰ ਅਤੇ ਉਸ ਦੀ ਭੈਣ ਸਮੇਤ ਚਾਰ ਜਣੇ ਕਰੋਨਾ ਪਾਜ਼ੇਟਿਵ