ਕੋਟ ਰਾਮਦਾਸ ਮੁਹੱਲੇ ਦੇ ਰਹਿਣ ਵਾਲੇ ਸੂਰਜ ਕੁਮਾਰ ਦੀ ਓਮਾਨ ਦੇਸ਼ ਦੀ ਕ੍ਰਿਕਟ ਟੀਮ ਵਿੱਚ ਚੋਣ ਹੋਣ ਕਾਰਨ ਉਸ ਦੇ ਪਰਿਵਾਰ ਦੀ ਅੱਡੀ ਧਰਤੀ ’ਤੇ ਨਹੀਂ ਲੱਗ ਰਹੀ। 28 ਸਾਲਾ ਸੂਰਜ 27 ਅਗਸਤ ਨੂੰ ਮਲੇਸ਼ੀਆ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਕ੍ਰਿਕਟ ਮੁਕਾਬਲਿਆਂ ’ਚ ਹਿੱਸਾ ਲਵੇਗਾ। ਉਹ 15 ਅਗਸਤ ਤੋਂ ਸ੍ਰੀਲੰਕਾ ਵਿੱਚ ਅਭਿਆਸ ਮੈਚ ਖੇਡ ਰਿਹਾ ਹੈ। ਸੂਰਜ ਦੇ ਪਿਤਾ ਕੇਹਰ ਸਿੰਘ, ਮਾਤਾ ਸ਼ਕੁੰਤਲਾ ਦੇਵੀ ਅਤੇ ਭਰਾ ਸੰਨੀ ਬੜੇ ਚਾਅ ਨਾਲ ਉਸ ਦੀਆਂ ਪ੍ਰਾਪਤੀਆਂ ਦੱਸਦੇ ਨਹੀਂ ਥੱਕਦੇ। ਕੇਹਰ ਸਿੰਘ ਨੇ ਦੱਸਿਆ ਕਿ ਉਸ ਨੇ ਦਸ ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਇੱਥੋਂ ਦੇ ਬਰਲਟਨ ਪਾਰਕ ਵਿੱਚ ਖੇਡਦਿਆਂ ਉਸ ਦੀ ਚੋਣ ਦਿੱਲੀ ਦੇ ਐਸਬੀ ਯੂਥ ਕਲੱਬ ਲਈ ਹੋਈ ਸੀ। 2012 ਵਿੱਚ ਸੀਸੀਐਫਸੀ ਕਲੱਬ ਕੋਲਕਾਤਾ ਦਾ ਕੋਚ ਉਸ ਨੂੰ ਆਪਣੇ ਨਾਲ ਲੈ ਗਿਆ।
ਸੂਰਜ ਦਾ ਪਰਿਵਾਰ ਕੋਟ ਰਾਮਦਾਸ ’ਚ 1971 ਤੋਂ ਕਿਰਾਏ ’ਤੇ ਇੱਕ ਹੀ ਕਮਰੇ ’ਚ ਰਹਿ ਰਿਹਾ ਹੈ। ਨੇਪਾਲੀ ਮੂਲ ਦੇ ਇਸ ਪਰਵਿਾਰ ਦਾ ਪੱਕਾ ਟਿਕਾਣਾ ਹੁਣ ਜਲੰਧਰ ਹੀ ਹੈ। ਸੰਨੀ ਨੇ ਦੱਸਿਆ ਕਿ ਸੂਰਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪਾਵਰਕੌਮ ਪਟਿਆਲਾ ਅਤੇ ਹੋਰ ਕਈ ਕਲੱਬਾਂ ਲਈ ਖੇਡਦਾ ਰਿਹਾ ਹੈ। ਕੋਚ ਸਰਬਜੀਤ ਸਿੰਘ ਰੋਜੀ ਨੇ 2015 ਵਿੱਚ ਉਸ ਨੂੰ ਓਮਾਨ ਭੇਜ ਦਿੱਤਾ। ਆਪਣੀ ਸਖ਼ਤ ਮਿਹਨਤ ਕਾਰਨ ਸੂਰਜ ਓਮਾਨ ਦੀ ਘਰੇਲੂ ਟੀਮ ਦਾ ਕੈਪਟਨ ਵੀ ਰਿਹਾ।
ਕੋਟ ਰਾਮਦਾਸ ਦੀ ਸੱਚਘਰ ਕਮੇਟੀ ਦੇ ਸੇਵਾਦਾਰ ਤੇ ਸਮਾਜ ਸੇਵੀ ਪ੍ਰਵੀਨ ਪਹਿਲਵਾਨ ਅਤੇ ਰਾਜ ਅਬਾਦੀ ਨੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਗ਼ਰੀਬ ਪਰਿਵਾਰ ਦੀ ਬਾਂਹ ਫੜੇ।
Sports ਓਮਾਨ ਦੀ ਕ੍ਰਿਕਟ ਟੀਮ ਵਿੱਚ ਚਮਕਿਆ ਜਲੰਧਰ ਦਾ ‘ਸੂਰਜ’