ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਅੱਜ ਚੰਡੀਗੜ੍ਹ ਪੁਲੀਸ ਦੇ ਐਸਪੀ ਤੇ ਸਾਲ 2008 ਬੈਚ ਦੇ ਆਈਪੀਐਸ ਅਧਿਕਾਰੀ ਦੇਸ ਰਾਜ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਇਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਮੌਕੇ ’ਤੇ ਹੀ ਦੇਸ ਰਾਜ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਚੰਡੀਗੜ੍ਹ ਪੁਲੀਸ ਦੇ ਕਿਸੇ ਆਈਪੀਐਸ ਅਧਿਕਾਰੀ ਵੱਲੋਂ ਰਿਸ਼ਵਤ ਲੈਣ ਦਾ ਇਹ ਨਿਵੇਕਲਾ ਹੀ ਮਾਮਲਾ ਹੈ ਜਿਸ ਵਿੱਚ ਆਈਪੀਐਸ ਅਧਿਕਾਰੀ ਨੂੰ ਆਪਣੇ ਐਸਐਚਓ ਤੋਂ ਹੀ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਕੇਸ ਵਿੱਚ ਇਹ ਸਜ਼ਾ ਹੋਈ ਹੈ। ਦੇਸ ਰਾਜ ਨੂੰ 18 ਅਕਤੂਬਰ 2012 ਨੂੰ ਸੀਬੀਆਈ ਨੇ ਸੈਕਟਰ 26 ਥਾਣੇ ਦੇ ਐਸਐਚਓ ਅਨੋਖ ਸਿੰਘ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਸੀ। ਸੇਵਾਮੁਕਤ ਇੰਸਪੈਕਟਰ ਅਨੋਖ ਸਿੰਘ ਨੇ ਉਸ ਵੇਲੇ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਵਿਰੁੱਧ ਚਲਦੇ ਇਕ ਮਾਮਲੇ ਦੀ ਪੜਤਾਲ ਉਸ ਵੇਲੇ ਦੇ ਐਸਪੀ ਸਿਟੀ ਦੇਸ ਰਾਜ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚੋਂ ਉਸ ਨੂੰ ਕਲੀਨ ਚਿੱਟ ਦੇਣ ਲਈ 5 ਲੱਖ ਰੁਪਏ ਮੰਗੇ ਹਨ । ਐਸਪੀ ਨਾਲ ਅਖੀਰ ਗੱਲਬਾਤ ਰਾਹੀਂ ਇਹ ਸੌਦਾ 2 ਲੱਖ ਰੁਪਏ ’ਚ ਤੈਅ ਹੋਇਆ ਸੀ। ਉਸ ਵੇਲੇ ਅਨੋਖ ਸਿੰਘ ਨੇ ਐਸਪੀ ਵੱਲੋਂ ਰਿਸ਼ਵਤ ਮੰਗਣ ਸਬੰਧੀ ਕੀਤੀ ਗੱਲਬਾਤ ਰਿਕਾਰਡ ਵੀ ਕਰ ਲਈ ਸੀ। ਦੇਸ ਰਾਜ ਦੀ 12 ਦਸੰਬਰ 2012 ਨੂੰ ਜ਼ਮਾਨਤ ਹੋਈ ਸੀ। ਦੇਸ ਰਾਜ ਵਿਰੁੱਧ 7 ਜੁਲਾਈ 2013 ਨੂੰ ਸੀਬੀਆਈ ਦੀ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਅਤੇ 30 ਜੁਲਾਈ 2018 ਨੂੰ ਅਦਾਲਤੀ ਪ੍ਰਕਿਰਿਆ ਮੁਕੰਮਲ ਹੋਈ ਸੀ। ਸੀਬੀਆਈ ਦੀ ਅਦਾਲਤ ਨੇ 8 ਅਗਸਤ ਨੂੰ ਦੇਸ ਰਾਜ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਅੱਜ ਸਜ਼ਾ ਸੁਣਾਈ ਹੈ।