ਚੰਡੀਗੜ੍ਹ, (ਸਮਾਜਵੀਕਲੀ) : ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਗੁਰਪਤਵੰਤ ਸਿੰਘ ਪੰਨੂ ਨੂੰ ਅਤਿਵਾਦੀ ਐਲਾਨੇ ਜਾਣ ਤੋਂ ਇੱਕ ਦਿਨ ਬਾਅਦ, ਪੰਜਾਬ ਪੁਲੀਸ ਨੇ ਵੀਰਵਾਰ ਨੂੰ ਪੰਨੂ ਤੇ ਉਸ ਦੇ ਸਹਿਯੋਗੀ ਐੱਸਐੱਫਜੇ ਮੈਂਬਰ ਜੋਗਿੰਦਰ ਸਿੰਘ ਗੁੱਜਰ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਦੇਸ਼-ਧ੍ਰੋਹ ਤੇ ਵੱਖਵਾਦ ਦੇ ਦੋਸ਼ਾਂ ਤਹਿਤ ਦੋ ਵੱਖ-ਵੱਖ ਐੱਫ਼ਆਈਆਰ ਦਰਜ ਕੀਤੀਆਂ ਹਨ।
ਪੰਜਾਬ ਪੁਲੀਸ ਨੇ ਅੱਜ ਇੱਥੇ ਦਾਅਵਾ ਕੀਤਾ ਹੈ ਕਿ ਦਲਿਤ ਸੁਰੱਖਿਆ ਸੈਨਾ (ਡੀਐੱਸਐੱਸ) ਨੇ ਗੁਰਪਤਵੰਤ ਪੰਨੂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਅਾਧਾਰ ’ਤੇ ਪੰਨੂ ਖ਼ਿਲਾਫ਼ ਥਾਣਾ ਬੀ-ਡਵੀਜ਼ਨ, ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡਾ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਵਾਸਤੇ ਉਕਸਾਉਣ ਲਈ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਨੂ ਤੇ ਹੋਰਨਾਂ ਦੀ ਇਸ ਕਾਰਵਾਈ ਨਾਲ ਦੇਸ਼ ਦੇ ਸਮੁੱਚੇ ਐੱਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੁਲੀਸ ਮੁਤਾਬਕ ਦਲਿਤ ਸੁਰੱਖਿਆ ਸੈਨਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਅਮਰੀਕਾ ਅਧਾਰਿਤ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਸੰਗਠਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਅਤੇ ਉਸਦੇ ਸਾਥੀ ਇੱਕ ਵੀਡੀਓ ਵਿੱਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਦੇ ਵੇਖੇ ਗਏ।
ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਅੱਗ ਲਾਉਂਦੇ ਵੇਖੇ ਗਏ। ਪੰਨੂ ਨੂੰ ਸਾਰੀ ਸਿੱਖ ਕੌਮ ਨੂੰ ਭਾਰਤੀ ਸੰਵਿਧਾਨ ਵਿਰੁੱਧ ਅਤੇ ਰੈੱਫਰੈਂਡਮ 2020 ਦੇ ਹੱਕ ਵਿੱਚ ਭੜਕਾਉਂਦੇ ਵੇਖਿਆ ਗਿਆ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਅਤਿਵਾਦੀਆਂ ਦੀਆਂ ਘਿਨਾਉਣੀਆਂ ਹਰਕਤਾਂ ਨੇ ਉਨ੍ਹਾਂ ਆਦਰਸ਼ਾਂ ਦੀ ਦੁਰਗਤ ਕੀਤੀ ਜਿਸ ’ਤੇ ਭਾਰਤੀ ਰਾਜ ਸਥਾਪਤ ਹੋਇਆ ਹੈ ਅਤੇ ਇਸ ਨਾਲ ਸਮੁੱਚੇ ਐੱਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।