ਐੱਸਐੱਚਓ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਤੇ ਵਿਜੀਲੈਂਸ ’ਚ ਠਣੀ

ਪੰਜਾਬ ਵਿਜੀਲੈਂਸ ਬਿਉਰੋ ਅਤੇ ਮੁਹਾਲੀ ਪੁਲੀਸ ਦਰਮਿਆਨ ਟਕਰਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਟਕਰਾਅ ਦਾ ਅਧਾਰ ਐੱਸਐੱਸਪੀ ਮੁਹਾਲੀ ਵੱਲੋਂ ਫੇਜ਼ ਅੱਠ ਵਿੱਚ ਡੀਐੱਸਪੀ ਵਿਜੀਲੈਂਸ ਦੇ ਦਫ਼ਤਰ ਦੀ ਇਮਾਰਤ ਖਾਲੀ ਕਰਨ ਦੇ ਦਿੱਤੇ ਹੁਕਮ ਮੰਨੇ ਜਾ ਰਹੇ ਹਨ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੁਲੀਸ ਦੀ ਇਹ ਕਾਰਵਾਈ ਮੁਹਾਲੀ ਪੁਲੀਸ ਦੇ ਇੱਕ ਇੰਸਪੈਕਟਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਕਰਕੇ ਖੁੰਦਕ ’ਚ ਕੀਤੀ ਗਈ ਹੈ ਜਦੋਂ ਕਿ ਮੁਹਾਲੀ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਵਿਜੀਲੈਂਸ ਨੇ ਆਪਣੀ ਇਮਾਰਤ ਬਣਾ ਲਈ ਹੈ ਤਾਂ ਡੀਐੱਸਪੀ ਦਾ ਦਫ਼ਤਰ ਨਵੀਂ ਇਮਾਰਤ ’ਚ ਤਬਦੀਲ ਹੋਣਾ ਚਾਹੀਦਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁਹਾਲੀ ਪੁਲੀਸ ਵੱਲੋਂ ਕੀਤੀ ਕਾਰਵਾਈ ਦਾ ਮਾਮਲਾ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਡੀਜੀਪੀ ਪੱਧਰ ’ਤੇ ਉਠਾਉਣ ਦਾ ਫੈਸਲਾ ਕੀਤਾ ਹੈ। ਮੁਹਾਲੀ ਦੇ ਐੱਸਐੱਸਪੀ ਦੇ ਦਸਤਖ਼ਤਾਂ ਹੇਠ ਵਿਜੀਲੈਂਸ ਦੇ ਡੀਐੱਸਪੀ ਨੂੰ ਜੋ ਹੁਕਮ ਜਾਰੀ ਕੀਤਾ ਗਿਆ ਹੈ ਉਸ ਵਿੱਚ ਲਿਖਿਆ ਗਿਆ ਹੈ ਕਿ ਜਿਸ ਫਲੈਟ ਨੰਬਰ 69 ਵਿੱਚ ਡੀਐੱਸਪੀ ਵਿਜੀਲੈਂਸ ਦਾ ਦਫ਼ਤਰ ਚੱਲ ਰਿਹਾ ਹੈ ਉਸ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਨਾਨ ਗਜ਼ਟਿਡ ਅਫ਼ਸਰਾਂ ਲਈ ਆਰਜ਼ੀ ਰਿਹਾਇਸ਼ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਵਿਜੀਲੈਂਸ ਨੂੰ ਤਾਕੀਦ ਕਰ ਦਿੱਤੀ ਗਈ ਹੈ ਕਿ ਇਸ ਫਲੈਟ ਨੂੰ ਖਾਲ੍ਹੀ ਕਰ ਦਿੱਤਾ ਜਾਵੇ। ਵਿਜੀਲੈਂਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਡੀਐੱਸਪੀ ਵਿਜੀਲੈਂਸ ਦੇ ਦਫ਼ਤਰ ਵਾਲੇ ਫਲੈਟ ਨੂੰ ਰਿਹਾਇਸ਼ ਵਿੱਚ ਤਬਦੀਲ ਕਰਨ ਦਾ ਅਸਲ ਕਾਰਨ ਬਿਉਰੋ ਵੱਲੋਂ 12 ਮਾਰਚ ਨੂੰ ਇੰਸਪੈਕਟਰ ਜਸਵੀਰ ਸਿੰਘ ਜੋ ਕਿ ਫੇਜ਼ 1 ਥਾਣੇ ਦਾ ਐੱਸ.ਐੱਚ.ਓ. ਸੀ, ਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਹੈ। ਵਿਜੀਲੈਂਸ ਦੇ ਡੀਐਸਪੀ ਦੇ ਦਫ਼ਤਰ ਵਾਲੀ ਇਮਾਰਤ ਨੂੰ ਗੈਸਟ ਹਾਊਸ ਵਿੱਚ ਤਬਦੀਲ ਕਰਨ ਸਬੰਧੀ ਐਸਐਸਪੀ ਵੱਲੋਂ 9 ਮਾਰਚ ਨੂੰ ਪੱਤਰ ਜਾਰੀ ਕਰਨ ਦਾ ਹਵਾਲਾ ਦਿੱਤਾ ਗਿਆ ਹੈ। ਇਹ ਪੱਤਰ ਵਿਜੀਲੈਂਸ ਨੂੰ ਐੱਸਐੱਚਓ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਭਾਵ 13 ਮਾਰਚ ਨੂੰ ਬਾਅਦ ਦੁਪਹਿਰ ਹਾਸਲ ਹੁੰਦਾ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਇਹ ਪੱਤਰ ਐੱਸਐੱਚਓ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੁੰਦਕ ਨਾਲ ਲਿਖਿਆ ਗਿਆ ਹੈ। ਇਸ ਦੌਰਾਨ ਹੀ ਐੱਸਐੱਸਪੀ ਵਿਜੀਲੈਂਸ ਗੌਤਮ ਸਿੰਘਲ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਜਾਰੀ ਕੀਤਾ ਗਿਆ ਹੁਕਮ ਮਿਲ ਗਿਆ ਹੈ ਤੇ ਲੋੜੀਂਦੀ ਕਾਰਵਾਈ ਲਈ ਸੀਨੀਅਰ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।

Previous articleਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦਾ ਸੀਬੀਆਈ ਵੱਲੋਂ ਵਿਰੋਧ
Next articleਨਿਊਜ਼ੀਲੈਂਡ ਦਹਿਸ਼ਤੀ ਹਮਲੇ ’ਚ 49 ਹਲਾਕ