ਨਵੀਂ ਦਿੱਲੀ (ਸਮਾਜਵੀਕਲੀ) : ਪਿਛਲੇ ਦੋ ਮਹੀਨਿਆਂ ਤੋਂ ਅਸਲ ਕੰਟਰੋਲ ਰੇਖਾ ’ਤੇ ਬਣੇ ਤਣਾਅ ਨੂੰ ਘਟਾਉਣ ਲਈ ਟਕਰਾਅ ਵਾਲੇ ਖੇਤਰਾਂ ’ਚੋਂ ਫੌਜਾਂ ਪਿੱਛੇ ਹਟਾਉਣ ਦੇ ਸ਼ੁਰੂ ਕੀਤੇ ਅਮਲ ਦੌਰਾਨ ਭਾਰਤ ਤੇ ਚੀਨ ਨੇ ਸਰਹੱਦੀ ਮਾਮਲਿਆਂ ਬਾਰੇ ਸਲਾਹ-ਮਸ਼ਵਰੇ ਤੇ ਤਾਲਮੇਲ ਲਈ ਵਰਕਿੰਗ ਮੈਕੇਨਿਜ਼ਮ (ਡਬਲਿਊਐੱਮਸੀਸੀ) ਦੀ ਅੱਜ 16ਵੀਂ ਮੀਟਿੰਗ ਕੀਤੀ।
ਭਾਰਤ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ’ਤੇ ਮਸਲੇ ਦੇ ਹੱਲ ਲਈ ਦੋਵਾਂ ਧਿਰਾਂ ਦਾ ਇਮਾਨਦਾਰ ਹੋਣਾ ਜ਼ਰੂਰੀ ਹੈ। ਸਫ਼ਾਰਤੀ ਗੱਲਬਾਤ ਦੌਰਾਨ ਦੋਵਾਂ ਮੁਲਕਾਂ ਨੇ ਸਿਖਰਲੇ ਪੱਧਰ ਦੇ ਫੌਜੀ ਕਮਾਂਡਰਾਂ ਦਰਮਿਆਨ ਮੀਟਿੰਗਾਂ ਵਿੱਚ ਬਣੀ ਸਮਝ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਦੀ ਸਹਿਮਤੀ ਦਿੱਤੀ। ਦੋਵਾਂ ਧਿਰਾਂ ਨੇ ਪੱਛਮੀ ਸੈਕਟਰ ਵਿੱਚ ਐੱਲੲੇਸੀ ਦੇ ਨਾਲ ਟਕਰਾਅ ਘਟਾਉਣ ਲਈ ਸ਼ੁਰੂ ਕੀਤੇ ਅਮਲ ’ਤੇ ਨਜ਼ਰਸਾਨੀ ਵੀ ਕੀਤੀ।
ਮੀਟਿੰਗ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ’ਚ ਜੁਆਇੰਟ ਸਕੱਤਰ (ਪੂਰਬੀ ੲੇਸ਼ੀਆ) ਜਦੋਂਕਿ ਚੀਨੀ ਵਫ਼ਦ ਸਰਹੱਦ ਤੇ ਸਾਗਰੀ ਵਿਭਾਗ ਦੇ ਡਾਇਰੈਕਟਰ ਜਨਰਲ ਦੀ ਅਗਵਾਈ ’ਚ ਸ਼ਾਮਲ ਹੋਇਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਸੀਨੀਅਰ ਫੌਜੀ ਕਮਾਂਡਰ ਜਲਦੀ ਹੀ ਇਕ ਦੂਜੇ ਨੂੰ ਮਿਲਣਗੇ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਅੱਗੋਂ ਵੀ ਸਫ਼ਾਰਤੀ ਤੇ ਫੌਜੀ ਪੱਧਰ ’ਤੇ ਸੰਵਾਦ ਜਾਰੀ ਰੱਖਣ ਦੀ ਸਹਿਮਤੀ ਦਿੱਤੀ ਹੈ।