ਪਟਨਾ (ਸਮਾਜ ਵੀਕਲੀ) : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਜਿਨ੍ਹਾਂ ਦੀ ਪਾਰਟੀ ਜੇਡੀ(ਯੂ) ਨੂੰ ਵਿਧਾਨ ਸਭਾ ਚੋਣਾਂ ਵਿੱਚ ਬਾਗੀ ਚਿਰਾਗ ਪਾਸਵਾਨ ਕਾਰਨ ਸੀਟਾਂ ਦਾ ਵੱਡਾ ਘਾਟਾ ਝੱਲਣਾ ਪਿਆ, ਨੇ ਅੱਜ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਨੂੰ ਐੱਨਡੀਏ ਗਠਜੋੜ ਵਿੱਚ ਰੱਖਣ ਜਾਂ ਨਾ ਰੱਖਣ ਦਾ ਫ਼ੈਸਲਾ ਵੱਡੀ ਭਾਈਵਾਲ ਪਾਰਟੀ ਭਾਜਪਾ ਨੇ ਕਰਨਾ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਦੀ ਜਿੱਤ ਮਗਰੋਂ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਿਤੀਸ਼ ਨੇ ਕਿਹਾ ਕਿ ਊਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ਬਾਰੇ ਫ਼ੈਸਲਾ ਐੱਨਡੀਏ ਦੇ ਚਾਰ ਭਾਈਵਾਲਾਂ ਦੀ ‘ਗੈਰਰਸਮੀ’ ਬੈਠਕ ਵਿੱਚ ਸ਼ੁੱਕਰਵਾਰ ਨੂੰ ਲਿਆ ਜਾਵੇਗਾ। ਐੱਲਜੇਪੀ ਨੂੰ ਐੱਨਡੀਏ ਗੱਠਜੋੜ ’ਚੋਂ ਕੱਢਣ ਬਾਰੇ ਭਾਜਪਾ ਨੂੰ ਆਖਣ ਬਾਰੇ ਪੁੱਛੇ ਜਾਣ ’ਤੇ ਨਿਤੀਸ਼ ਨੇ ਹੱਸ ਕੇ ਕਿਹਾ, ‘‘ਇਹ ਸੁਝਾਅ ਤੁਸੀਂ ਦੇ ਦਿਓ।’’ ਊਨ੍ਹਾਂ ਕਿਹਾ, ‘‘ਇਸ ਬਾਬਤ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਭਾਜਪਾ ਨੇ ਲੈਣਾ ਹੈ। ਮੇਰੇ ਕੋਲ ਇਸ ਮਾਮਲੇ ਵਿੱਚ ਕਹਿਣ ਲਈ ਕੁਝ ਨਹੀਂ ਹੈ।’’
ਦੱਸਣਯੋਗ ਹੈ ਕਿ ਜੇਡੀ (ਯੂ) ਨੂੰ ਤਾਜ਼ਾ ਚੋਣਾਂ ਵਿੱਚ 43 ਸੀਟਾਂ ਮਿਲੀਆਂ ਹਨ, ਜਦਕਿ ਪਿਛਲੀ ਵਾਰ ਇਸ ਪਾਰਟੀ ਨੂੰ 71 ਸੀਟਾਂ ਮਿਲੀਆਂ ਸਨ। ਊਸ ਵੇਲੇ ਜੇਡੀ(ਯੂ) ਨੇ ਆਰਜੇਡੀ ਅਤੇ ਕਾਂਗਰਸ ਨਾਲ ਮਿਲ ਕੇ ਚੋਣਾਂ ਲੜੀਆਂ ਸਨ। ਭਾਵੇਂ ਇਨ੍ਹਾਂ ਨਵੇਂ ਸਮੀਕਰਨਾਂ ਨਾਲ ਨਿਤੀਸ਼ ਦੀ ਮੁੱਖ ਮੰਤਰੀ ਵਜੋਂ ਵਾਪਸੀ ’ਤੇ ਕੋਈ ਅਸਰ ਨਹੀਂ ਪਵੇਗਾ ਪ੍ਰੰਤੂ ਦੋਵਾਂ ਪਾਰਟੀਆਂ ਦੀਆਂ ਸੱਤਾ ਸ਼ਕਤੀਆਂ ਵਿੱਚ ਤਬਦੀਲੀ ਜ਼ਰੂਰ ਆਵੇਗੀ। ਨਿਤੀਸ਼ ਨੇ ਕਿਹਾ, ‘‘ਮੈਂ ਤਿੰਨ ਮੁੱਦਿਆਂ—ਅਪਰਾਧ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ’ਤੇ ਕਦੇ ਸਮਝੌਤਾ ਨਹੀਂ ਕੀਤਾ। ਅੱਗੇ ਤੋਂ ਵੀ ਕੋਈ ਤਬਦੀਲੀ ਨਹੀਂ ਹੋਣ ਵਾਲੀ ਹੈ। ਮੇਰੇ ਕਾਰਜਕਾਲ ਦੌਰਾਨ ਦੰਗਿਆਂ ਦੀ ਇੱਕ ਵੀ ਘਟਨਾ ਨਹੀਂ ਵਾਪਰੀ।’’